ਝੁਨੀਰ/ਸਰਦੂਲਗੜ੍ਹ
(ਆਤਮਾ ਸਿੰਘ ਪਮਾਰ)
ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਕੇ ਭਾਈਚਾਰਕ ਸਾਂਝ ਨੂੰ ਵੰਡਣ ਵਾਲੀ ਆਰ ਐੱਸ ਐੱਸ ਤੇ ਭਾਜਪਾ ਇਕ ਵਾਰ ਫਿਰ ਦੇਸ਼ ਦੀ ਰਾਜਸੱਤਾ ’ਤੇ ਕਾਬਜ਼ ਹੋਣ ਲਈ ਤਰਲੋਮੱਛੀ ਹੋ ਰਹੀ ਹੈ। ਜਿਸ ਤਰ੍ਹਾਂ ਲੋਕਤੰਤਰ ਤੇ ਸੰਵਿਧਾਨਕ ਸੰਸਥਾਵਾਂ ਦੀ ਮਰਿਆਦਾ ਨੂੰ ਭੰਗ ਕਰਕੇ ਗੈਰ-ਕਾਨੂੰਨੀ ਤਰੀਕੇ ਅਪਣਾਏ ਜਾ ਰਹੇ ਹਨ, ਉਹਨਾਂ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਹਾਲ ਨਹੀਂ ਰੱਖਿਆ ਜਾ ਸਕਦਾ। ਇਸ ਲਈ ਭਾਜਪਾ ਤੇ ਆਰ ਐੱਸ ਐੱਸ ਮੁਕਤ ਭਾਰਤ ਦੀ ਸਿਰਜਣਾ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਸੋਚ ’ਤੇ ਪਹਿਰਾ ਦੇਣ ਦੇ ਤੁਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਨੇੜਲੇ ਪਿੰਡ ਬਾਜੇਵਾਲਾ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਮੌਕੇ ਸੀ ਪੀ ਆਈ ਵੱਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰਨ ਵਾਲੇ ਲੋਕਾਂ ਦੇ ਇਤਿਹਾਸ ਤੋਂ ਦੂਰੀ ਬਣਾਉਣੀ ਤੇ ਮਨੂੰ ਸਿਮਰਤੀ ਲਾਗੂ ਕਰਨ ਲਈ ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਭਿ੍ਰਸ਼ਟਾਚਾਰ ਵਿੱਚ ਲਿਪਤ ਭਾਜਪਾ ਵਿਰੋਧੀ ਧਿਰਾਂ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਈ ਡੀ ਤੇ ਸੀ ਬੀ ਆਈ ਦੇ ਸਹਾਰੇ ਜੇਲਾਂ ਵਿੱਚ ਬੰਦ ਕਰ ਰਹੀ ਹੈ, ਜਦੋਂ ਕਿ ਇਲੈਕਟੋਰਲ ਬਾਂਡ ਦੇ ਨਾਂਅ ਹੇਠ ਕੀਤੇ ਭਿ੍ਰਸ਼ਟਾਚਾਰ ਨੂੰ ਛੁਪਾਉਣ ਵਾਲੇ ਨਾਵਾਂ ਨੂੰ ਜਨਤਕ ਨਹੀਂ ਕਰ ਰਹੀ। ਉਹਨਾਂ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਵਰਗਾਂ ਦੇ ਹਿੱਤਾਂ ਲਈ ਰੁਜ਼ਗਾਰ, ਵਪਾਰ, ਖੇਤੀ ਤੇ ਕਰਜ਼ਾ ਮੁਕਤ ਲੋਕ-ਪੱਖੀ ਸਰਕਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਸਿੰਘ ਚੌਹਾਨ, ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਮੁਕਤ ਕਰਨ ਲਈ ਪਾਰਲੀਮੈਂਟ ਵਿੱਚ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਸਥਾਪਨਾ ਕਰਨ ਦੀ ਮੰਗ ਨੂੰ ਸਮੇਂ ਦੀ ਲੋੜ ਦੱਸਿਆ ਅਤੇ ਨੌਜਵਾਨ ਵਰਗ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਖੁਦ ਜਥੇਬੰਦ ਹੋ ਕੇ ਸਿਆਸੀ ਤੌਰ ’ਤੇ ਅੱਗੇ ਆਉਣ ਦੀ ਅਪੀਲ ਕੀਤੀ। ਕਾਨਫਰੰਸ ਬ੍ਰਾਂਚ ਸਕੱਤਰ ਜੱਗਾ ਸਿੰਘ, ਬੂਟਾ ਸਿੰਘ ਦੀ ਅਗਵਾਈ ਤੇ ਧੰਨਾ ਸਿੰਘ ਤੇ ਜੋਗਿੰਦਰ ਕੌਰ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਇਸ ਸਮੇਂ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੀ ਨਾਟਕ ਮੰਡਲੀ ਵੱਲੋਂ ਇਨਕਲਾਬੀ ਨਾਟਕ, ਗੀਤ ਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।
ਕਾਨਫਰੰਸ ਦੌਰਾਨ ਵੱਖ-ਵੱਖ ਸ਼ਖਸੀਅਤਾਂ ਮਨਜੀਤ ਕੌਰ ਔਲਖ ਅਦਾਕਾਰ ਤੇ ਉੱਘੇ ਰੰਗਕਰਮੀ, ਉੱਘੇ ਨਾਟਕਕਾਰ ਬਲਰਾਜ ਮਾਨ ਸਮੇਤ ਕਮਿਊਨਿਸਟ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਧਰਮ ਸਿੰਘ ਫੱਕਰ, ਸਾਬਕਾ ਵਿਧਾਇਕ ਬੂਟਾ ਸਿੰਘ, ਕਰਤਾਰ ਸਿੰਘ ਰੋੜਕੀ, ਕੁੰਦਨ ਲਾਲ ਹੀਰਕੇ, ਜਗਸੀਰ ਸਿੰਘ ਕੁਸਲਾ, ਬਾਬਾ ਕੇਵਲ ਦਾਸ ਡੇਰਾ ਹਕਤਾਲਾਂ ਅਤੇ ਪਿੰਡ ਦੇ ਕਮਿਊਨਿਸਟ ਸਾਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਨਫਰੰਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰੂਪ ਸਿੰਘ ਢਿੱਲੋਂ, ਜਗਰਾਜ ਸਿੰਘ ਹੀਰਕੇ, ਸਾਧੂ ਸਿੰਘ ਰਾਮਾਨੰਦੀ, ਕਰਨੈਲ ਸਿੰਘ ਭੀਖੀ, ਗੁਰਪਿਆਰ ਫੱਤਾ, ਗੁਰਬਖਸ਼ ਸਿੰਘ ਜਟਾਣਾ, ਰਾਜ ਸਿੰਘ ਧਿੰਗੜ, ਬਲਵਿੰਦਰ ਕੋਟ ਧਰਮੂ ਤੇ ਜੱਗਾ ਸਿੰਘ ਰਾਏਪੁਰ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸਫਲਤਾ ਲਈ ਬੂਟਾ ਸਿੰਘ ਮਿਸਤਰੀ, ਮੰਦਰ ਸਿੰਘ, ਗਿੰਦਰ ਸਿੰਘ, ਰਾਜਪਾਲ ਸਿੰਘ, ਗੁਰਤੇਜ ਸਿੰਘ, ਨਾਇਬ ਸਿੰਘ ਆਦਿ ਆਗੂਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ।