ਅੰਮਿ੍ਰਤਸਰ : ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੋਣ ਸਮਝੌਤਾ ਨਾ ਹੋਣ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਵੱਡਾ ਮੁੱਦਾ ਦੱਸਿਆ ਹੈ।
ਉਨ੍ਹਾ ਗਿਲਵਾਲੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਹੀ ਇੱਕ ਇਸ ਤਰ੍ਹਾਂ ਦੀ ਪਾਰਟੀ ਹੈ, ਜੋ ਕਿ ਕਿਸਾਨਾਂ ਦੇ ਨਾਲ ਅਤੇ ਸਿਧਾਂਤਾਂ ਦੇ ਨਾਲ ਖੜ੍ਹੀ ਹੈ। ਜੋ ਵੀ ਪਾਰਟੀ ਸਾਡੇ ਨਾਲ ਸਮਝੌਤਾ ਕਰੇਗੀ, ਉਹ ਅਕਾਲੀ ਦਲ ਦੇ ਸੰਵਿਧਾਨ ਦੇ ਨਾਲ ਅਤੇ ਸਿਧਾਂਤ ਦੇ ਨਾਲ ਜੁੜੀ ਹੋਏਗੀ ਤਾਂ ਹੀ ਸਮਝੌਤਾ ਹੋ ਸਕੇਗਾ। ਉਨ੍ਹਾ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਅਸੀਂ ਕਦੀ ਵੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਅਕਾਲੀ ਦਲ ਕੋਈ ਆਮ ਸਿਆਸੀ ਪਾਰਟੀ ਨਹੀਂ, ਇਹ ਅਸੂਲਾਂ ਵਾਲੀ ਪਾਰਟੀ ਹੈ। ਸਾਡੇ ਲਈ ਨੰਬਰ ਗੇਮ ਨਾਲੋਂ ਅਸੂਲ ਜ਼ਿਆਦਾ ਅਹਿਮ ਹਨ। ਉਨ੍ਹਾ ਕਿਹਾ ਕਿ 103 ਸਾਲ ਪਹਿਲਾਂ ਅਕਾਲੀ ਦਲ ਨੇ ਸਰਕਾਰ ਬਣਾਉਣ ਲਈ ਪਾਰਟੀ ਨਹੀਂ ਬਣਾਈ। ਸ਼੍ਰੋਮਣੀ ਅਕਾਲੀ ਦਲ ’ਤੇ ਸਿੱਖ ਕੌਮ ਦੀ, ਪੰਜਾਬ ਦੀ, ਪੰਜਾਬੀਆਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ। ਉਨ੍ਹਾ ਕਿਹਾ ਕਿ ਦਿੱਲੀ ਦੀਆਂ ਕੌਮੀ ਪਾਰਟੀਆਂ ਸਿਰਫ ਵੋਟਾਂ ਦੀ ਰਾਜਨੀਤੀ ਕਰਦੀਆਂ ਹਨ, ਅਕਾਲੀ ਦਲ ਅਜਿਹਾ ਕਰਨ ਵਾਲੀ ਪਾਰਟੀ ਨਹੀਂ, ਸਾਡੇ ਲਈ ਪੰਜਾਬ ਮਾਅਨੇ ਰੱਖਦਾ ਹੈ।
ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਕਿਹਾਸਾਡੇ ਵੱਲੋਂ ਉਠਾਏ ਗਏ ਮੁੱਦੇ ਭਾਜਪਾ ਨੂੰ ਚੰਗੇ ਨਹੀਂ ਲੱਗੇ। ਅਸੀਂ ਪੰਜਾਬ ਦੀ ਗੱਲ, ਪੰਜਾਬ ਦੇ ਨੌਜਵਾਨਾਂ ਦੀ ਗੱਲ ਤੋਂ ਇਲਾਵਾ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਅਤੇ ਜੇਕਰ ਇਹ ਸਾਡੇ ਮੁੱਦੇ ਹੀ ਭਾਜਪਾ ਨੂੰ ਸਹੀ ਨਹੀਂ ਲੱਗਦੇ ਤਾਂ, ਫਿਰ ਗਠਜੋੜ ਦਾ ਕੀ ਮਤਲਬ ਹੈ?