ਚੰਡੀਗੜ੍ਹ : ਕਈ ਦਿਨ ਗੱਲਬਾਤ ਕਰਨ ਤੋਂ ਬਾਅਦ ਭਾਜਪਾ ਨੇ ਮੰਗਲਵਾਰ ਐਲਾਨਿਆ ਕਿ ਉਹ ਪੰਜਾਬ ਵਿਚ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰੇਗੀ ਤੇ ਲੋਕ ਸਭਾ ਚੋਣਾਂ ਇਕੱਲਿਆਂ ਲੜੇਗੀ। ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ’ਚ ਕਿਹਾ-ਭਾਜਪਾ ਪੰਜਾਬ ’ਚ ਇਕੱਲੇ ਚੋਣਾਂ ਲੜੇਗੀ। ਭਾਜਪਾ ਨੇ ਇਹ ਫੈਸਲਾ ਲੋਕਾਂ ਅਤੇ ਪਾਰਟੀ ਵਰਕਰਾਂ ਤੋਂ ਮਿਲੀ ਰਾਇ ਤੋਂ ਬਾਅਦ ਲਿਆ ਹੈ। ਇਹ ਫੈਸਲਾ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਵਪਾਰੀਆਂ ਤੇ ਪੱਛੜੀਆਂ ਸ਼ੇ੍ਰਣੀਆਂ ਦੇ ਰੌਸ਼ਨ ਭਵਿੱਖ ਵੱਲ ਸੇਧਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਕੀਤੇ ਕੰਮ ਸਭ ਜਾਣਦੇ ਹਨ। ਪਿਛਲੇ 10 ਸਾਲਾਂ ਵਿਚ ਪੰਜਾਬ ਦੇ ਕਿਸਾਨਾਂ ਦੇ ਅਨਾਜ ਦਾ ਹਰ ਦਾਣਾ ਐੱਮ ਐੱਸ ਪੀ ’ਤੇ ਖਰੀਦਿਆ ਗਿਆ ਤੇ ਇਕ ਹਫਤੇ ਦੇ ਵਿਚ ਪੈਸੇ ਕਿਸਾਨਾਂ ਦੇ ਖਾਤੇ ਵਿਚ ਪਾਏ ਗਏ।
ਜਾਖੜ ਨੇ ਅੱਗੇ ਕਿਹਾ ਕਿ ਕਰਤਾਰਪੁਰ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦਾ ਸਦੀਆਂ ਪੁਰਾਣਾ ਸੁਫਨਾ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਹੇਠ ਕਰਤਾਰਪੁਰ ਲਾਂਘਾ ਖੋਲ੍ਹਣ ਨਾਲ ਪੂਰਾ ਹੋਇਆ। ਉਨ੍ਹਾ ਨੂੰ ਯਕੀਨ ਹੈ ਕਿ ਚੋਣਾਂ ਵਿਚ ਲੋਕ ਭਾਜਪਾ ਦੀ ਹਮਾਇਤ ਕਰਨਗੇ।
ਦੱਸਿਆ ਜਾਂਦਾ ਹੈ ਕਿ ਅਕਾਲੀ ਦਲ ਭਾਜਪਾ ਨੂੰ 13 ਵਿੱਚੋਂ 4 ਸੀਟਾਂ ਦੇ ਰਿਹਾ ਸੀ, ਜਦਕਿ ਭਾਜਪਾ 6 ਮੰਗ ਰਹੀ ਸੀ। ਭਾਜਪਾ ਨੂੰ ਵਿਸ਼ਵਾਸ ਹੈ ਕਿ ਰਾਮ ਮੰਦਰ ਦਾ ਫਾਇਦਾ ਮਿਲੇਗਾ। ਅਕਾਲੀ ਦਲ ਨੂੰ ਡਰ ਸੀ ਕਿ ਭਾਜਪਾ ਨਾਲ ਸਮਝੌਤੇ ਕਾਰਨ ਕਿਸਾਨ ਗੁੱਸੇ ਹੋ ਜਾਣਗੇ।
1998 ਤੋਂ ਬਾਅਦ ਭਾਜਪਾ ਤੇ ਅਕਾਲੀ ਦਲ ਅੱਡ-ਅੱਡ ਚੋਣਾਂ ਲੜਨਗੇ। ਪਿਛਲੀਆਂ ਅਸੰਬਲੀ ਚੋਣਾਂ ਵਿਚ ਦੋਨੋਂ ਅੱਡ-ਅੱਡ ਲੜੇ ਸਨ ਅਤੇ ਭਾਜਪਾ ਨੂੰ 2 ਤੇ ਅਕਾਲੀਆਂ ਨੂੰ 3 ਸੀਟਾਂ ਹੀ ਮਿਲੀਆਂ ਸਨ।
ਸਾਬਕਾ ਅਕਾਲੀ ਆਗੂ ਤੇ ਚਲੰਤ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਲੋਕਾਂ ਦੇ ਸਿੱਧੇ ਸੰਪਰਕ ਵਿਚ ਰਹਿਣਾ ਚਾਹੁੰਦੀ ਹੈ ਤੇ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਵੀ ਜਿੱਤ ਲੈਣਗੇ। ਭਾਜਪਾ ਵੱਲੋਂ ਜਿਹੜੇ ਉਮੀਦਵਾਰ ਖੜ੍ਹੇ ਕੀਤੇ ਜਾ ਸਕਦੇ ਹਨ, ਉਨ੍ਹਾਂ ਵਿਚ ਪਰਨੀਤ ਕੌਰ ਪਟਿਆਲਾ, ਅਵਿਨਾਸ਼ ਰਾਇ ਖੰਨਾ ਆਨੰਦਪੁਰ ਸਾਹਿਬ, ਸੁਨੀਲ ਜਾਖੜ ਲੁਧਿਆਣਾ ਜਾਂ ਫਿਰੋਜ਼ਪੁਰ, ਰਾਣਾ ਗੁਰਮੀਤ ਸੋਢੀ ਫਿਰੋਜ਼ਪੁਰ (ਜੇ ਜਾਖੜ ਲੁਧਿਆਣਾ ਤੋਂ ਲੜੇ), ਮਨਪ੍ਰੀਤ ਬਾਦਲ ਬਠਿੰਡਾ, ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਅੰਮਿ੍ਰਤਸਰ, ਸੋਮ ਪ੍ਰਕਾਸ਼ ਹੁਸ਼ਿਆਰਪੁਰ, ਅਸ਼ਵਨੀ ਸ਼ਰਮਾ ਗੁਰਦਾਸਪੁਰ ਸ਼ਾਮਲ ਹਨ। ਖਡੂਰ ਸਾਹਿਬ ਤੇ ਫਰੀਦਕੋਟ ਤੋਂ ਕਿਸੇ ਲੋਕਲ ਲੀਡਰ ਨੂੰ ਟਿਕਟ ਮਿਲ ਸਕਦੀ ਹੈ।