ਊਧਮ ਸਿੰਘ ਨਗਰ (ਉੱਤਰਾਖੰਡ) : ਵੀਰਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦੀ ਹੱਤਿਆ ਕਰ ਦਿੱਤੀ। ਉੱਤਰਾਖੰਡ ਪੁਲਸ ਹੈੱਡਕੁਆਰਟਰ ਨੇ ਕਾਤਲਾਂ ਨੂੰ ਫੜਨ ਲਈ ਵਿਸ਼ੇਸ਼ ਟਾਸਕ ਫੋਰਸ ਅਤੇ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਹੈ। ਸ਼ਾਂਤੀ ਬਣਾਈ ਰੱਖਣ ਲਈ ਊਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱਤਾ ਇਲਾਕੇ ’ਚ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਪੁਲਸ ਨੇ ਸਿੱਖਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ।
ਪੁਲਸ ਮੁਤਾਬਕ ਬਾਬਾ ਤਰਸੇਮ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਖਟੀਮਾ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਰਤਕ ਐਲਾਨ ਦਿੱਤਾ। ਉੱਤਰਾਖੰਡ ਪੁਲਸ ਦੇ ਮੁਖੀ ਅਭਿਨਵ ਕੁਮਾਰ ਨੇ ਦੱਸਿਆ-ਸਾਨੂੰ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਸਵੇਰੇ 6.15-6.30 ਦਰਮਿਆਨ ਦੋ ਨਕਾਬਪੋਸ਼ ਹਮਲਾਵਰ ਨਾਨਕਮੱਤਾ ਗੁਰਦੁਆਰੇ ’ਚ ਦਾਖਲ ਹੋਏ ਅਤੇ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰ ਦਿੱਤੀ।
ਸੂਤਰਾਂ ਮੁਤਾਬਕ ਬਾਬਾ ਤਰਸੇਮ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਦਾ ਸੰਬੰਧ ਪੰਜਾਬ ਨਾਲ ਹੈ। ਇਹ ਕਤਲ ਕਾਰ ਸੇਵਾ ਜਾਂ ਧਾਰਮਿਕ ਸਥਾਨਾਂ ਨਾਲ ਜੁੜੇ ਵਿਵਾਦਾਂ ਕਾਰਨ ਕੀਤੇ ਜਾਣ ਦਾ ਸ਼ੱਕ ਹੈ।