ਹਿਸਾਰ : ਹਰਿਆਣਾ ਦੀ ਸਾਬਕਾ ਮੰਤਰੀ ਸਾਵਿਤਰੀ ਜਿੰਦਲ (84) ਕਾਂਗਰਸ ਛੱਡ ਕੇ ਵੀਰਵਾਰ ਭਾਜਪਾ ’ਚ ਸ਼ਾਮਲ ਹੋ ਗਈ। ਉਸ ਨੂੰ ਇੱਥੇ ਇਕ ਸਮਾਗਮ ਵਿਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਾਰਟੀ ਵਿਚ ਸ਼ਾਮਲ ਕਰਾਇਆ। ਕੁਝ ਦਿਨ ਪਹਿਲਾਂ ਉਸ ਦਾ ਪੁੱਤਰ ਅਤੇ ਉਦਯੋਗਪਤੀ ਨਵੀਨ ਜਿੰਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਿਆ ਸੀ ਤੇ ਭਾਜਪਾ ਨੇ ਉਸ ਨੂੰ ਕੁਰੂਕਸ਼ੇਤਰ ਤੋਂ ਲੋਕ ਸਭਾ ਲਈ ਉਮੀਦਵਾਰ ਬਣਾਇਆ ਹੈ। ਅਮੀਰਾਂ ਬਾਰੇ ਇਸ ਸਾਲ ਦੇ ਸ਼ੁਰੂ ਵਿਚ ਆਈ ਫੋਰਬਸ ਲਿਸਟ ਮੁਤਾਬਕ ਸਾਵਿਤਰੀ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ। ਮਰਹੂਮ ਉਦਯੋਗਪਤੀ ਤੇ ਸਾਬਕਾ ਮੰਤਰੀ ਓ ਪੀ ਜਿੰਦਲ ਦੀ ਪਤਨੀ ਸਾਵਿਤਰੀ ਦੀ ਦੌਲਤ 29.1 ਅਰਬ ਡਾਲਰ ਹੈ। ਸਾਵਿਤਰੀ ਹਿਸਾਰ ਤੋਂ 10 ਸਾਲ ਵਿਧਾਇਕ ਰਹੀ ਤੇ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਦੌਰਾਨ ਮੰਤਰੀ ਵੀ ਬਣੀ। 2014 ਵਿਚ ਉਹ ਹਿਸਾਰ ਤੋਂ ਭਾਜਪਾ ਦੇ ਡਾ. ਕਮਲ ਗੁਪਤਾ ਤੋਂ ਹਾਰ ਗਈ ਸੀ। ਡਾ. ਗੁਪਤਾ ਇਸ ਵੇਲੇ ਸੈਣੀ ਸਰਕਾਰ ਵਿਚ ਮੰਤਰੀ ਹੈ।
ਨਵੀਨ ਜਿੰਦਲ ਦੀ ਕੰਪਨੀ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਨੂੰ ਝਾਰਖੰਡ ਵਿਚ ਕੋਲਾ ਬਲਾਕ ਅਲਾਟ ਕਰਨ ਵਿਚ ਬੇਨੇਮੀਆਂ ਦੀ ਸੀ ਬੀ ਆਈ ਜਾਂਚ ਕਰ ਰਹੀ ਹੈ। ਈ ਡੀ ਮਨੀ ਲਾਂਡਰਿੰਗ ਦੇ ਦੋਸਾਂ ਦੀ ਜਾਂਚ ਕਰ ਰਹੀ ਹੈ। ਅਪ੍ਰੈਲ 2022 ਵਿਚ ਈ ਡੀ ਨੇ ਜਿੰਦਲ ਦੇ ਟਿਕਾਣਿਆਂ ’ਤੇ ਛਾਪੇ ਵੀ ਮਾਰੇ ਸਨ।