ਜਲੰਧਰ : ਸੀ ਪੀ ਆਈ ਪੰਜਾਬ ਦੀ ਦੋ ਰੋਜ਼ਾ ਸਕੱਤਰੇਤ, ਕਾਰਜਕਾਰਨੀ ਤੇ ਸੂਬਾ ਕੌਂਸਲ ਦੀ ਚੰਡੀਗੜ੍ਹ ’ਚ ਮੀਟਿੰਗ ਨਿਰਮਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੋਂ ਇਲਾਵਾ ਸਕੱਤਰੇਤ ਮੈਂਬਰ ਹਰਦੇਵ ਸਿੰਘ ਅਰਸ਼ੀ, ਜਗਰੂਪ, ਪਿ੍ਰਥੀਪਾਲ ਸਿੰਘ ਮਾੜੀਮੇਘਾ, ਅਮਰਜੀਤ ਸਿੰਘ ਆਸਲ, ਬਲਦੇਵ ਸਿੰਘ ਨਿਹਾਲਗੜ੍ਹ, ਨਰਿੰਦਰ ਕੌਰ ਸੋਹਲ, ਦੇਵੀ ਕੁਮਾਰੀ ਤੇ ਕਸ਼ਮੀਰ ਸਿੰਘ ਗਦਾਈਆ ਹਾਜ਼ਰ ਸਨ। ਮੀਟਿੰਗ ਨੇ ਫੈਸਲਾ ਕੀਤਾ ਕਿ ਪਾਰਟੀ ਭਾਜਪਾ ਦੀ ਫਿਰਕੂ ਤੇ ਦੇਸ਼ ਨੂੰ ਵੰਡਣ ਵਾਲੀ ਨੀਤੀ ਨੂੰ ਹਰਾਉਣ ਅਤੇ ਹਰੇਕ ਮਨੁੱਖ ਲਈ ਰੁਜ਼ਗਾਰ, ਮੁਫ਼ਤ ਵਿਦਿਆ, ਸਿਹਤ, ਘਰ, ਕਿਸਾਨਾਂ ਦੇ ਕਰਜ਼ੇ ਮੁਆਫ਼, ਐੱਮ ਐੱਸ ਪੀ ਪੂਰਨ ਰੂਪ ਵਿੱਚ ਲਾਗੂ ਕਰਨ, ਦਲਿਤਾਂ ਤੇ ਔਰਤਾਂ ’ਤੇ ਹਮਲੇ, ਜਿਵੇਂ ਬਿਲਕਿਸ ਬਾਨੋ ਅਤੇ ਮਨੀਪੁਰ ’ਚ ਜੋ ਵਾਪਰਿਆ ਹੈ, ਆਦਿ ਮੁੱਦਿਆਂ ਨੂੰ ਲੈ ਚੋਣ ਮੈਦਾਨ ਵਿੱਚ ਨਿਤਰੇਗੀ। ਸੀ ਪੀ ਆਈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਚੋਣਾਂ ’ਚ ਸੀ ਪੀ ਆਈ ਦਾ ਸਾਥ ਦੇਣ। ਭਾਜਪਾ ਤੇ ਆਰ ਐੱਸ ਐੱਸ ਨੇ ਪਹਿਲਾਂ ਦੇਸ਼ ਵਿੱਚ ਗਰੀਬੀ, ਬੇਰੁਜ਼ਗਾਰੀ ਤੇ ਭੁੱਖਮਰੀ ਫੈਲਾਈ ਤੇ ਫਿਰ ਇਨ੍ਹਾਂ ਅਲਾਮਤਾਂ ਦਾ ਫਾਇਦਾ ਲੈ ਕੇ ਕੁਝ ਫਿਰਕੂ, ਗੁੰਡਿਆਂ ਤੇ ਬਦਮਾਸ਼ਾਂ ਵਿੱਚ ਕਾਰਪੋਰੇਟਾਂ ਤੋਂ ਅਥਾਹ ਪੈਸੇ ਲੈ ਕੇ ਵੰਡਦੀ ਤੇ ਫਿਰ ਉਨ੍ਹਾਂ ਤੋਂ ਝਗੜੇ, ਫ਼ਸਾਦ ਤੇ ਗੁੰਡਾਗਰਦੀ ਕਰਾਉਦੀ ਹੈ। ਹਿੰਦੁਸਤਾਨ ਨੂੰ ਇਸ ਕੁਰੱਪਟ, ਬੇਈਮਾਨ, ਫਾਸ਼ੀਵਾਦੀ ਭਾਜਪਾ ਤੋਂ ਬਚਾਉਣ ਲਈ ‘ਇੰਡੀਆ’ ਗਠਜੋੜ ਬਣਿਆ ਹੈ। ਭਾਜਪਾ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਇਸ ਵਾਰ ਫਿਰ ਸਰਕਾਰ ਭਾਜਪਾ ਦੀ ਹੀ ਬਣੇਗੀ, ਜਦੋਂ ਕਿ ਹਕੀਕਤ ਇਹ ਹੈ ਕਿ ਲੋਕ ਅੱਤ ਦੀ ਮਹਿੰਗਾਈ ਤੋਂ ਤਰਾਹ-ਤਰਾਹ ਕਰ ਰਹੇ ਹਨ। ਗਰੀਬਾਂ ਨੂੰ ਢਿੱਡ ਭਰਵੀਂ ਰੋਟੀ ਨਹੀਂ ਮਿਲ ਰਹੀ। ਵਿਦਿਆ ਏਨੀ ਮਹਿੰਗੀ ਹੈ ਕਿ ਗਰੀਬ ਤੇ ਮੱਧ ਵਰਗ ਦੇ ਬੱਚੇ ਵੀ ਲੈਣ ਤੋਂ ਅਸਮਰਥ ਹਨ। ਭਾਜਪਾ ਦੇ ਰਾਜ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ ਜਵਾਨੀ ਕੰਮਕਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਪਹੁੰਚ ਗਈ ਤੇ ਹੋਰ ਜਾ ਰਹੀ ਹੈ। ਇੰਡੀਆ ਗਠਜੋੜ ਆਪਣੀ ਹਕੂਮਤ ਸਮੇਂ ਵਿਦਿਆ ਤੇ ਸਿਹਤ ਸੇਵਾਵਾਂ ਸਸਤੀਆਂ ਦੇਵੇਗਾ। ਰੁਜ਼ਗਾਰ ਦੀ ਪਹਿਲ ਹੋਵੇਗੀ। ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ, ਪਬਲਿਕ ਸੈਕਟਰ ਬਚਾਉਣ, ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਮਿਨੀਮਮ ਵੇਜ 26000 ਰੁਪਏ ਪ੍ਰਤੀ ਮਹੀਨਾ ਕਰੇਗਾ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਸੀ ਪੀ ਆਈ ਪੰਜਾਬ ਵਿੱਚ ਤਿੰਨ ਪਾਰਲੀਮੈਂਟ ਸੀਟਾਂ ਲੜੇਗੀ। ਇਹ ਸੀਟਾਂ ਅੰਮਿ੍ਰਤਸਰ, ਫਰੀਦਕੋਟ ਤੇ ਲੁਧਿਆਣਾ-ਸੰਗਰੂਰ ’ਚੋਂ ਇੱਕ ਹੋਵੇਗੀ। ਪਾਰਟੀ ਦੋ-ਤਿੰਨ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਂਅ ਵੀ ਐਲਾਨ ਕਰੇਗੀ। ਮੀਟਿੰਗ ਵਿੱਚ ਮਤਾ ਪਾਸ ਕਰਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੀਆਂ ਵਿਦਿਆਰਥੀ ਚੋਣਾਂ ਵਿੱਚ ਖੱਬੇ-ਪੱਖੀ ਵਿਦਿਆਰਥੀ ਜਥੇਬੰਦੀਆਂ ਦੀ ਹੋਈ ਸ਼ਾਨਦਾਰ ਜਿੱਤ ’ਤੇ ਚੁਣੀ ਗਈ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।