ਪਟਿਆਲਾ : ਵੀਰਵਾਰ ਤੜਕੇ ਰਾਜਪੁਰਾ ਬਾਈਪਾਸ ‘ਤੇ ਮੁਕਤ ਸਕੂਲ ਨੇੜੇ ਤੇਲ ਵਾਲੇ ਟੈਂਕਰ ਅਤੇ ਪੀ ਆਰ ਟੀ ਸੀ ਦੀਆਂ ਬੱਸਾਂ ਦਰਮਿਆਨ ਟੱਕਰ ‘ਚ ਦਰਜਨ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਰਾਜਪੁਰਾ, 2 ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅਤੇ 2 ਨੂੰ ਪੀ ਜੀ ਆਈ ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ ਹੈ | ਬੁੱਧਵਾਰ ਰਾਤ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਪੀ ਆਰ ਟੀ ਸੀ ਦੀ ਬੱਸ ਦਾ ਟਾਇਰ ਫਟ ਗਿਆ | ਡਰਾਈਵਰ ਨੇ ਬੱਸ ਸੜਕ ‘ਤੇ ਹੀ ਫੁੱਟਪਾਥ ਦੇ ਨਾਲ ਖੜ੍ਹਾ ਦਿੱਤੀ ਤੇ ਆਸੇ-ਪਾਸੇ ਝਾੜੀਆਂ ਰੱਖ ਦਿੱਤੀਆਂ | ਰਾਤ ਸਾਢੇ ਦਸ ਵਜੇ ਪਟਿਆਲਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਤੇਲ ਵਾਲੇ ਟੈਂਕਰ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਫੁੱਟਪਾਥ ਟੱਪ ਕੇ ਦੂਸਰੇ ਪਾਸੇ ਚਲੀ ਗਈ | ਇਸ ਦੌਰਾਨ ਟੈਂਕਰ ਦਾ ਵੀ ਕਾਫੀ ਨੁਕਸਾਨ ਹੋਇਆ | ਇਸ ਮਗਰੋਂ ਟੈਂਕਰ ਚਾਲਕ ਫਰਾਰ ਹੋ ਗਿਆ ਤੇ ਟੈਂਕਰ ਸੜਕ ‘ਤੇ ਹੀ ਖੜ੍ਹਾ ਰਿਹਾ |
ਤੜਕੇ ਜਦੋਂ ਪੀ ਆਰ ਟੀ ਸੀ ਦੀ ਇਕ ਹੋਰ ਬੱਸ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਸਾਢੇ ਪੰਜ ਵਜੇ ਇਹ ਬੱਸ ਸੜਕ ‘ਤੇ ਖੜ੍ਹੇ ਟੈਂਕਰ ਵਿਚ ਜਾ ਵੱਜੀ | ਟੱਕਰ ਏਨੀ ਜ਼ਬਰਦਸਤ ਸੀ ਕਿ ਟੈਂਕਰ ਫੁੱਟਪਾਥ ਟੱਪ ਕੇ ਦੂਜੇ ਪਾਸੇ ਚਲਾ ਗਿਆ, ਜਦਕਿ ਬੱਸ ਦੇ ਪਰਖਚੇ ਉੱਡ ਗਏ | ਇਸ ਟੱਕਰ ਕਾਰਨ ਬੱਸ ਪਲਟ ਗਈ |