ਬਰਾਬਰ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਹੀ ਕਾਮਰੇਡ ਸੋਹਲ ਨੂੰ ਸੱਚੀ ਸ਼ਰਧਾਂਜਲੀ : ਹਰਭਜਨ

0
350

ਝਬਾਲ (ਹਰਜਿੰਦਰ ਸਿੰਘ ਸੋਨੀ, ਰੌਬਿਨ ਸਿੰਘ ਸੋਨੀ)- ਅੱਜ ਦੇ ਦੌਰ ਵਿਚ ਸਰਮਾਏਦਾਰ ਸਰਕਾਰ ਆਮ ਲੋਕਾਂ ਦਾ ਲਹੂ ਨਿਚੋੜ ਰਹੀ ਹੈ | ਇਸ ਕਾਣੀ-ਵੰਡ ਵਾਲੇ ਰਾਜ ਪ੍ਰਬੰਧ ਵਿਰੁੱਧ ਲੜ ਕੇ ਬਰਾਬਰ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰਨਾ ਹੀ ਸ਼ਹੀਦ ਕਾਮਰੇਡ ਸੋਹਨ ਸਿੰਘ ਸੋਹਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਹ ਗੱਲ ਕਾਮਰੇਡ ਹਰਭਜਨ ਸਿੰਘ ਸੂਬਾਈ ਆਗੂ ਭਾਰਤੀ ਕਮਿਊਨਿਸਟ ਪਾਰਟੀ ਨੇ ਵੀਰਵਾਰ ਸਥਾਨਕ ਕਾਮਰੇਡ ਸਵਰਨ ਸੋਹਲ ਭਵਨ ਵਿਖੇ ਦਿਵਾਨ ਸਿੰਘ ਕਸੇਲ ਦੀ ਪ੍ਰਧਾਨਗੀ ਹੇਠ ਕਾਮਰੇਡ ਸਵਰਨ ਸੋਹਲ ਤੇ ਹੋਰ ਸ਼ਹੀਦਾਂ ਨੂੰ ਯਾਦ ਕਰਦਿਆਂ ਕਮਿਊਨਿਸਟ ਪਾਰਟੀ ਦੇ ਇਕੱਠੇ ਹੋਏ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਕਹੀ | ਯਾਦ ਰਹੇ ਕਿ ਅੱਜ ਤੋਂ ਕੋਈ 35 ਵਰ੍ਹੇ ਪਹਿਲਾਂ ਇਸ ਇਲਾਕੇ ਦੇ ਕਿਸਾਨ ਆਗੂ ਕਾਮਰੇਡ ਸਵਰਨ ਸਿੰਘ ਸੋਹਲ ਤੇ ਉਹਨਾਂ ਦੇ ਪਰਵਾਰ ਦੇ ਪੰਜ ਜੀਅ ਅੱਤਵਾਦੀਆਂ ਵੱਲੋਂ ਸ਼ਹੀਦ ਕਰ ਦਿੱਤੇ ਗਏ ਸਨ | ਕਾਮਰੇਡ ਹਰਭਜਨ ਨੇ ਕਿਹਾ ਕਿ ਕਮਿਊਨਿਸਟ ਹਮੇਸ਼ਾ ਹੱਕ, ਸੱਚ ਤੇ ਇਨਸਾਫ ਦੀ ਲੜਾਈ ਲੜਦੇ ਹਨ, ਜਦੋਂ ਕਿ ਕਾਰਪੋਰੇਟ ਪੱਖੀ ਮੌਜੂਦਾ ਬੀ ਜੇ ਪੀ ਸਰਕਾਰ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾ ਕੇ ਸਰਮਾਏਦਾਰਾਂ ਨੂੰ ਲੁੱਟ ਕਰਨ ਦੀ ਖੁੱਲ੍ਹ ਦੇ ਰਹੀ ਹੈ | ਸੋ ਅਜਿਹੇ ਮੌਕੇ ਮਿਹਨਤਕਸ਼ ਲੋਕਾਂ ਦਾ ਫਰਜ਼ ਹੈ ਉਹ ਜਥੇਬੰਦ ਹੋ ਕੇ ਦੇਸ਼ ਦੇ ਰਾਜ ਪ੍ਰਬੰਧ ‘ਤੇ ਕਾਬਜ਼ ਹੋਣ ਅਤੇ ਬਰਾਬਰੀ ਵਾਲਾ ਰਾਜ ਪ੍ਰਬੰਧ ਸਿਰਜਣ | ਲੋਕਾਂ ਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਸ਼ਹੀਦ ਭਗਤ ਸਿੰਘ ਉਨ੍ਹਾਂ ਦੇ ਸਾਥੀਆਂ ਅਤੇ ਹੋਰ ਦੇਸ਼ ਭਗਤਾਂ ਨੇ ਦੇਸ਼ ਵਿੱਚੋਂ ਅੰਗਰੇਜ਼ੀ ਰਾਜ ਖਤਮ ਕਰਕੇ ਦੇਸ਼ ਵਿੱਚ ਮਜ਼ਦੂਰਾਂ, ਕਿਸਾਨਾਂ ਦਾ ਰਾਜ ਪ੍ਰਬੰਧ ਬਣਾਉਣ ਦਾ ਸੁਪਨਾ ਲਿਆ ਸੀ ਤਾਂ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕੀਤੀ ਜਾ ਸਕੇ, ਪਰ ਅੱਜ ਫਿਰ ਅੰਗਰੇਜ਼ਾਂ ਦੇ ਪਿੱਠੂ ਮਹਾਨ ਸ਼ਹੀਦਾਂ ਵਿਰੁੱਧ ਜ਼ਹਿਰ ਉਗਲ ਰਹੇ ਹਨ | ਸੋ ਇਸ ਕਰਕੇ ਕਮਿਊਨਿਸਟਾਂ ਦਾ ਫਰਜ਼ ਬਣਦਾ ਹੈ ਕਿ ਉਹ ਲੁੱਟ ਦੇ ਖਿਲਾਫ ਲੜਦੇ ਹੋਏ ਕਿਸਾਨਾਂ, ਮਜ਼ਦੂਰਾਂ ਨੂੰ ਇਕੱਠੇ ਕਰਨ ਤਾਂ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਾਇਆ ਜਾ ਸਕੇ | ਇਸ ਮੌਕੇ ਪੰਜਾਬ ਇਸਤਰੀ ਸਭਾ ਦੇ ਆਗੂ ਨਰਿੰਦਰ ਸੋਹਲ ਨੇ ਕਿਹਾ ਕਿ ਬੇਰੁਜ਼ਗਾਰੀ ਦਾ ਖਾਤਮਾ ਹੀ ਨੌਜਵਾਨਾਂ ਨੂੰ ਚੰਗੀ ਸੇਧ ਦੇ ਸਕਦਾ ਹੈ ਜਿਸ ਨਾਲ ਨੌਜਵਾਨ ਗੈਂਗਸਟਰ ਬਣਨ ਜਾਂ ਨਸ਼ਿਆਂ ਦੀ ਦਲਦਲ ਵਿੱਚ ਫਸਣ ਦੀ ਬਜਾਏ ਵਧੀਆ ਨਾਗਰਿਕ ਬਣਨਗੇ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਰਜਿੰਦਰਪਾਲ ਕੌਰ, ਸੁਖਚੈਨ ਸਿੰਘ, ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਚਰਨ ਸਿੰਘ, ਸੀਮਾ, ਗੁਰਸ਼ਰਨ ਗੰਡੀਵਿੰਡ, ਹਰਭਿੰਦਰ ਕਸੇਲ ਨੇ ਵੀ ਆਪਣੇ ਵਿਚਾਰ ਰੱਖੇ |

LEAVE A REPLY

Please enter your comment!
Please enter your name here