ਨਵੀਂ ਦਿੱਲੀ : ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਸੋਮਵਾਰ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ।
ਗਾਂਧੀ ਨੇ 2014 ’ਚ ‘ਆਪ’ ਉਮੀਦਵਾਰ ਵਜੋਂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣ ਜਿੱਤੀ ਸੀ। ਪੇਸ਼ੇ ਤੋਂ ਡਾਕਟਰ ਗਾਂਧੀ ਨੇ 2016 ’ਚ ‘ਆਪ’ ਨੂੰ ਛੱਡ ਦਿੱਤਾ ਅਤੇ ਆਪਣੀ ‘ਨਵਾਂ ਪੰਜਾਬ ਪਾਰਟੀ’ ਬਣਾਈ, ਜਿਸ ਨੂੰ ਉਨ੍ਹਾ ਕਾਂਗਰਸ ’ਚ ਰਲਾ ਦਿੱਤਾ ਹੈ। ਕਾਂਗਰਸ ਆਗੂ ਪਵਨ ਖੇੜਾ ਅਤੇ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਾਂਧੀ ਦਾ ਪਾਰਟੀ ’ਚ ਸਵਾਗਤ ਕੀਤਾ। ਬਾਜਵਾ ਨੇ ਕਿਹਾ ਕਿ ਉਨ੍ਹਾ ਦੇ ਸ਼ਾਮਲ ਹੋਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ, ਜਦਕਿ ਵੜਿੰਗ ਨੇ ਕਿਹਾ ਕਿ ਅਜਿਹੇ ਪੇਸ਼ੇਵਰਾਂ ਦਾ ਪਾਰਟੀ ’ਚ ਸ਼ਾਮਲ ਹੋਣਾ ਚੰਗਾ ਸੰਕੇਤ ਹੈ।