ਰੂਸ ਦੀ ਫਰਾਂਸ ਨੂੰ ਚਿਤਾਵਨੀ

0
139

ਮਾਸਕੋ : ਰੂਸ ਦੇ ਰੱਖਿਆ ਮੰਤਰੀ ਨੇ ਵੀਰਵਾਰ ਆਪਣੇ ਫਰਾਂਸੀਸੀ ਹਮਰੁਤਬਾ ਨੂੰ ਫੋਨ ਕਰਕੇ ਯੂਕਰੇਨ ’ਚ ਫੌਜਾਂ ਦੀ ਤਾਇਨਾਤੀ ਖਿਲਾਫ ਚਿਤਾਵਨੀ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਮਾਸਕੋ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਵਿੱਚ ਹਿੱਸਾ ਲੈਣ ਲਈ ਤਿਆਰ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੋਰਨੂ ਨੂੰ ਕਿਹਾ ਕਿ ਜੇ ਪੈਰਿਸ ਯੂਕਰੇਨ ’ਚ ਫਰਾਂਸ ਦੀ ਫੌਜ ਭੇਜਣ ਦੇ ਆਪਣੇ ਬਿਆਨ ’ਤੇ ਅਮਲ ਕਰਦਾ ਹੈ ਤਾਂ ਇਸ ਨਾਲ ਫਰਾਂਸ ਲਈ ਕਈ ਸਮੱਸਿਆਵਾਂ ਪੈਦਾ ਹੋਣਗੀਆਂ।
ਗੌਰਵ ਵੱਲਭ ਭਾਜਪਾ ’ਚ
ਨਵੀਂ ਦਿੱਲੀ : ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਵੀਰਵਾਰ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਉਨ੍ਹਾ ਕਿਹਾ ਕਿ ਉਹ ਸਨਾਤਨ ਵਿਰੋਧੀ ਨਾਅਰੇ ਨਹੀਂ ਲਗਾ ਸਕਦੇ ਅਤੇ ਪੂੰਜੀਪਤੀਆਂ ਦਾ ਅਪਮਾਨ ਨਹੀਂ ਕਰ ਸਕਦੇ। ਉਨ੍ਹਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜਿਆ ਅਸਤੀਫਾ ਸਾਂਝਾ ਕਰਦਿਆਂ ਕਿਹਾ ਕਿ ਪਾਰਟੀ ਜਿਸ ਦਿਸ਼ਾਹੀਣ ਤਰੀਕੇ ਨਾਲ ਅੱਗੇ ਵਧ ਰਹੀ ਹੈ, ਉਸ ਨੂੰ ਦੇਖ ਕੇ ਉਹ ਸਹਿਜ ਮਹਿਸੂਸ ਨਹੀਂ ਕਰ ਰਹੇ ਸਨ।
ਅਗਨੀ-ਪ੍ਰਾਈਮ ਦੀ ਸਫਲ ਪਰਖ
ਨਵੀਂ ਦਿੱਲੀ : ਓਡੀਸ਼ਾ ਦੇ ਤੱਟ ਤੋਂ ਦੂਰ ਏ ਪੀ ਜੇ ਅਬਦੁਲ ਕਲਾਮ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ਅਗਨੀ-ਪ੍ਰਾਈਮ ਦੀ ਬੁੱਧਵਾਰ ਸ਼ਾਮ ਸਫਲ ਪਰਖ ਕੀਤੀ ਗਈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰਣਨੀਤਕ ਬਲ ਕਮਾਂਡ, ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਨਾਲ ਪਰਖ ਕੀਤੀ ਗਈ।
ਗਰਮੀਆਂ ’ਚ ਨਿਰਵਿਘਨ ਬਿਜਲੀ ਲਈ ਉਪਾਅ
ਨਵੀਂ ਦਿੱਲੀ : ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਵੀਰਵਾਰ ਕਿਹਾ ਕਿ ਪਾਰਾ ਵਧਣ ਨਾਲ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪਾਵਰ ਪਲਾਂਟਾਂ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ। ਉਨ੍ਹਾ ਕਿਹਾ ਕਿ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਮੌਸਮ ਵਿਭਾਗ ਵੱਲੋਂ ਲੰਮੇ ਸਮੇਂ ਤੱਕ ਸਖਤ ਗਰਮੀ ਦੀ ਭਵਿੱਖਬਾਣੀ ਕਰਨ ਤੋਂ ਬਾਅਦ ਸਰਕਾਰ ਨੇ ਮੁਰੰਮਤ ਜਾਂ ਹੋਰ ਕਾਰਨਾਂ ਕਰਕੇ ਬੰਦ ਸਾਰੇ ਪਾਵਰ ਪਲਾਂਟ ਜਲਦੀ ਤੋਂ ਜਲਦੀ ਚਲਾਉਣ ਲਈ ਕਿਹਾ ਹੈ। ਉਨ੍ਹਾ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਥਰਮਲ ਪਾਵਰ ਪਲਾਂਟਾਂ ਕੋਲ ਜੂਨ ਤੱਕ ਕੋਲੇ ਦਾ ਢੁਕਵਾਂ ਭੰਡਾਰ ਹੋਵੇ।

LEAVE A REPLY

Please enter your comment!
Please enter your name here