ਨਵੀਂ ਦਿੱਲੀ : ਸੀ ਪੀ ਆਈ (ਐੱਮ) ਨੇ ਲੋਕ ਸਭਾ ਚੋਣਾਂ ਲਈ ਵੀਰਵਾਰ ਜਾਰੀ ਕੀਤੇ ਆਪਣੇ ਚੋਣ ਮਨੋਰਥ ਪੱਤਰ ’ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ ਏ ਪੀ ਏ) ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ ਐੱਮ ਐੱਲ ਏ) ਵਰਗੇ ਸਾਰੇ ਸਖਤ ਕਾਨੂੰਨਾਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਵੋਟਰਾਂ ਨੂੰ ਭਾਜਪਾ ਨੂੰ ਹਰਾਉਣ, ਖੱਬੇ ਪੱਖੀਆਂ ਨੂੰ ਮਜ਼ਬੂਤ ਕਰਨ ਅਤੇ ਕੇਂਦਰ ’ਚ ਬਦਲਵੀਂ ਧਰਮ ਨਿਰਪੱਖ ਸਰਕਾਰ ਦੇ ਗਠਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਪਾਰਟੀ ਨੇ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਵਾਲੇ ਸਿਧਾਂਤ ਦੀ ਪਾਲਣਾ ਲਈ ਲੜਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਉਹ ਨਾਗਰਿਕਤਾ (ਸੋਧ) ਐਕਟ, 2019 ਨੂੰ ਵੀ ਖਤਮ ਕਰੇਗੀ। ਪਾਰਟੀ ਨੇ ਦੇਸ਼ ਦੇ ਸਭ ਤੋਂ ਅਮੀਰ ਵਰਗ ’ਤੇ ਟੈਕਸ ਲਗਾਉਣ ਅਤੇ ਆਮ ਜਾਇਦਾਦ ਟੈਕਸ ਤੇ ਵਿਰਾਸਤੀ ਟੈਕਸ ’ਤੇ ਕਾਨੂੰਨ ਲਿਆਉਣ ਦਾ ਵਾਅਦਾ ਵੀ ਕੀਤਾ ਹੈ।
ਪਾਰਟੀ ਨੇ ਕਿਹਾ ਕਿ ਮਨਰੇਗਾ ਲਈ ਬਜਟ ਦੀ ਵੰਡ ਨੂੰ ਦੁੱਗਣਾ ਕੀਤਾ ਜਾਣਾ ਚਾਹੀਦਾ ਹੈ ਅਤੇ ਸ਼ਹਿਰੀ ਰੁਜ਼ਗਾਰ ਦੀ ਗਾਰੰਟੀ ਵਾਲਾ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।





