ਸੱਤਾਧਾਰੀ ਧਿਰ ਦੇ ਆਖੇ ਜਾਂਦੇ ਅੰਦਰੂਨੀ ਸਰਵੇ ਦੀ ਪਰਖ ਲਈ ਅੱਜ ਅਸੀਂ ਚਾਰ ਰਾਜਾਂ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀਆਂ ਚੋਣ ਸੰਭਾਵਨਾਵਾਂ ਦੀ ਚੀਰ-ਫਾੜ ਕਰਾਂਗੇ। ਆਪਣੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਅਸੀਂ ਚੋਣ ਪ੍ਰ�ਿਆ ਦੌਰਾਨ ਵਾਪਰਨ ਵਾਲੀਆਂ ਕੁਝ ਪ੍ਰਚਲਤ ਘਟਨਾਵਾਂ ਦੀ ਘੋਖ ਕਰਾਂਗੇ। ਸੱਤਾਧਾਰੀ ਪਾਰਟੀ ਨੇ ਇਸ ਵਾਰ 370 ਸੀਟਾਂ ਤੋਂ ਵੱਧ ਜਿੱਤ ਜਾਣ ਦਾ ਭਰੋਸਾ ਪ੍ਰਗਟ ਕੀਤਾ ਹੈ। ਅਜਿਹੀ ਸਥਿਤੀ ਵਿੱਚ ਕਿਸੇ ਵੀ ਪਾਰਟੀ ਅੰਦਰ ਟਿਕਟਾਂ ਹਾਸਲ ਕਰਨ ਲਈ ਮਾਰੋ-ਮਾਰੀ ਹੋਣੀ ਆਮ ਗੱਲ ਹੁੰਦੀ ਹੈ, ਪਰ ਸਾਰੇ ਦੇਸ਼ ਦੇ ਕਿਸੇ ਵੀ ਰਾਜ ਵਿੱਚ ਸੱਤਾਧਾਰੀ ਪਾਰਟੀ ਅੰਦਰ ਟਿਕਟਾਂ ਹਾਸਲ ਕਰਨ ਦੀ ਹੋੜ ਕਿਤੇ ਵੀ ਨਜ਼ਰ ਨਹੀਂ ਆਈ। ਭਾਜਪਾ ਨੇ ਇਸ ਵਾਰ ਲੱਗਭੱਗ ਤੀਜਾ ਹਿੱਸਾ ਜਿੱਤੇ ਹੋਏ ਸਾਂਸਦਾਂ ਦੀਆਂ ਟਿਕਟਾਂ ਕੱਟ ਦਿੱਤੀਆਂ, ਪਰ ਇੱਕ-ਅੱਧੇ ਨੂੰ ਛੱਡ ਕੇ ਕੋਈ ਕੁਸਕਿਆ ਤੱਕ ਨਹੀਂ। ਇਹੋ ਨਹੀਂ, ਭਾਜਪਾ ਦੇ ਗੜ੍ਹ ਮੰਨੇ ਜਾਂਦੇ ਗੁਜਰਾਤ ਵਿੱਚ ਤਾਂ ਦੋ ਉਮੀਦਵਾਰਾਂ ਨੇ ਟਿਕਟਾਂ ਵਾਪਸ ਹੀ ਕਰ ਦਿੱਤੀਆਂ। ਇਸ ਤੋਂ ਇਲਾਵਾ ਕੁਝ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਲੜਨਾ ਹੀ ਨਹੀਂ। ਸਿਆਸਤਦਾਨ ਤਾਂ ਸਿਵਿਆਂ ਵਿੱਚ ਲੱਤਾਂ ਹੋਣ ’ਤੇ ਵੀ ਕਦੇ ਰਿਟਾਇਰ ਨਹੀਂ ਹੁੰਦੇ, ਫਿਰ ਭਾਜਪਾ ਵਿੱਚ ਇਹ ਕਿਉਂ ਹੋ ਰਿਹਾ ਹੈ। ਕਿਤੇ ਇਹ ਤਾਂ ਨਹੀਂ ਕਿ ਉਹ ਸਮਝਦੇ ਹਨ ਕਿ ਜਿੱਤਣਾ ਤਾਂ ਹੈ ਨਹੀਂ, ਫਿਰ ਪੈਸੇ ਕਿਉਂ ਬਰਬਾਦ ਕਰਨੇ ਹਨ। ਇਹੋ ਨਹੀਂ, ਇਸ ਵਾਰ ਭਾਜਪਾ ਦੇ ਇੱਕ-ਤਿਹਾਈ ਤੋਂ ਵੱਧ ਉਮੀਦਵਾਰ ਕਾਂਗਰਸ ਵਿੱਚੋਂ ਤੋੜੇ ਜਾਂ ਕਾਂਗਰਸ ਪਿਛੋਕੜ ਵਾਲੇ ਹਨ, ਜਿਨ੍ਹਾਂ ਦਾ ਆਰ ਐੱਸ ਐੱਸ ਜਾਂ ਭਾਜਪਾ ਦੀ ਵਿਚਾਰਧਾਰਾ ਨਾਲ ਕੋਈ ਲੈਣਾ-ਦੇਣਾ ਨਹੀਂ, ਫਿਰ ਵੀ ਹੇਠਲੇ ਪੱਧਰ ਉੱਤੇ ਕੋਈ ਵਿਰੋਧ ਨਹੀਂ ਹੋ ਰਿਹਾ।
ਬਹਰਹਾਲ, ਜਿਹੜੇ ਚਹੁੰ ਰਾਜਾਂ ਦੀ ਅਸੀਂ ਇੱਥੇ ਗੱਲ ਕਰ ਰਹੇ ਹਾਂ, ਉਨ੍ਹਾਂ ਦਾ ਸਮਾਜਿਕ ਤਾਣਾ-ਬਾਣਾ ਇੱਕ-ਦੂਜੇ ਨਾਲ ਕਾਫ਼ੀ ਮਿਲਦਾ-ਜੁਲਦਾ ਹੈ। ਇਨ੍ਹਾਂ ਰਾਜਾਂ ਵਿਚਲੇ ਜਾਟ ਜਾਂ ਜੱਟ ਰਾਜਪੂਤ ਤੇ ਗੁੱਜਰ ਜਾਤਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਇਹ ਮਾਰਸ਼ਲ ਕੌਮਾਂ ਗਿਣੀਆਂ ਜਾਂਦੀਆਂ ਹਨ। ਇਸੇ ਕਾਰਨ ਇਨ੍ਹਾਂ ਵਿੱਚ ਫੌਜਾਂ ਅੰਦਰ ਸ਼ਾਮਲ ਹੋਣ ਦੀ ਪੁਰਾਣੀ ਪਿਰਤ ਚੱਲੀ ਆ ਰਹੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ 13 ਮਹੀਨੇ ਚੱਲੇ ਕਿਸਾਨੀ ਸੰਘਰਸ਼ ਵਿੱਚ ਵੀ ਪੰਜਾਬ ਤੋਂ ਬਾਅਦ ਇਨ੍ਹਾਂ ਰਾਜਾਂ ਦਾ ਵੱਡਾ ਹਿੱਸਾ ਸੀ। ਕਿਸਾਨ ਸੰਘਰਸ਼ ਨੇ ਇਨ੍ਹਾਂ ਅੰਦਰ ਪਈਆਂ ਫਿਰਕੂ ਵੰਡੀਆਂ ਨੂੰ ਖ਼ਤਮ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਸੀ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਿਛਲੇ ਕੁਝ ਦਿਨਾਂ ਅੰਦਰ ਇਨ੍ਹਾਂ ਰਾਜਾਂ ਵਿੱਚ ਅਹਿਮ ਘਟਨਾਵਾਂ ਵਾਪਰੀਆਂ ਹਨ। ਬੀਤੇ ਹਫ਼ਤੇ ਦੌਰਾਨ ਯੂ ਪੀ ਦੇ ਸਹਾਰਨਪੁਰ ਜ਼ਿਲ੍ਹੇ ਦੇ ਨਨੌਤਾ ਕਸਬੇ ਵਿੱਚ ਰਾਜਪੂਤ ਭਾਈਚਾਰੇ ਦੀ ਇੱਕ ਮਹਾਂਪੰਚਾਇਤ ਹੋਈ ਸੀ। ਇਸ ਵਿੱਚ ਹਰਿਆਣਾ, ਰਾਜਸਥਾਨ ਤੇ ਗੁਜਰਾਤ ਤੱਕ ਦੇ ਰਾਜਪੂਤ ਨੇਤਾਵਾਂ ਨੇ ਭਾਗ ਲਿਆ ਸੀ। ਗਿਣਤੀ ਪੱਖੋਂ ਇਹ ਦੋ ਦਿਨ ਪਹਿਲਾਂ ਸਹਾਰਨਪੁਰ ਵਿੱਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਕਿਤੇ ਵੱਡੀ ਸੀ। ਇਸ ਮਹਾਂਪੰਚਾਇਤ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਰਾਜਪੂਤ ਬਰਾਦਰੀ ਭਾਜਪਾ ਨੂੰ ਹਰਾਉਣ ਲਈ ਕੰਮ ਕਰੇਗੀ। ਇਸ ਮੌਕੇ ਕਿਸਾਨ-ਮਜ਼ਦੂਰ ਸੰਗਠਨ ਦੇ ਪ੍ਰਧਾਨ ਤੇ ਰਾਜਪੂਤ ਆਗੂ ਠਾਕੁਰ ਪੂਰਨ ਸਿੰਘ ਨੇ ਸਾਫ਼ ਕਿਹਾ ਕਿ ਅਸੀਂ ਉਸ ਉਮੀਦਵਾਰ ਨੂੰ ਵੋਟਾਂ ਪਾਵਾਂਗੇ, ਜੋ ਭਾਜਪਾ ਉਮੀਦਵਾਰ ਨੂੰ ਹਰਾ ਸਕੇਗਾ। ਪੱਛਮੀ ਯੂ ਪੀ ਦੀਆਂ 8 ਸੀਟਾਂ ਉੱਤੇ 19 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ। ਮਹਾਂਪੰਚਾਇਤ ਨੇ ਅਗਲਾ ਇਕੱਠ 16 ਅਪ੍ਰੈਲ ਨੂੰ ਮੇਰਠ ਜ਼ਿਲ੍ਹੇ ਦੇ ਸਰਦਾਨਾ ਕਸਬੇ ਵਿੱਚ ਰੱਖ ਲਿਆ ਹੈ।
ਇਸ ਏਰੀਏ ਵਿੱਚ ਜਾਟ ਤੇ ਗੁੱਜਰ ਭਾਈਚਾਰਿਆਂ ਵਿੱਚ ਵੀ ਭਾਜਪਾ ਦੇ ਵਿਰੋਧ ਦੀ ਹਵਾ ਚੱਲ ਰਹੀ ਹੈ। ਅਸਲ ਵਿੱਚ ਇਸ ਦਾ ਵੱਡਾ ਕਾਰਨ ‘ਅਗਨੀਵੀਰ’ ਯੋਜਨਾ ਹੈ, ਜਿਸ ਨੇ ਇਨ੍ਹਾਂ ਭਾਈਚਾਰਿਆਂ ਦੇ ਨੌਜਵਾਨਾਂ ਲਈ ਫੌਜ ਵਿੱਚ ਜਾਣ ਦਾ ਰਾਹ ਬੰਦ ਕਰ ਦਿੱਤਾ ਹੈ। ਰਾਜਪੂਤਾਂ ਲਈ ਤਾਂ ਜੰਗਾਂ ਲੜਨਾ ਮੁੱਢ-ਕਦੀਮੀ ਪੇਸ਼ਾ ਰਿਹਾ ਹੈ। ਭਾਜਪਾ ਵਿਰੁੱਧ ਗੁੱਸਾ ਏਨਾ ਜ਼ਿਆਦਾ ਹੈ ਕਿ ਆਰ ਐੱਲ ਡੀ ਦਾ ਭਾਜਪਾ ਨਾਲ ਸਮਝੌਤਾ ਹੋਣ ਦੇ ਬਾਵਜੂਦ ਜੈਅੰਤ ਚੌਧਰੀ ਨਾ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਸ਼ਾਮਲ ਹੋਏ ਤੇ ਨਾ ਬਿਜਨੌਰ ਵਿੱਚ ਹੋਈ ਯੋਗੀ ਆਦਿੱਤਿਆ ਨਾਥ ਦੀ ਰੈਲੀ ਵਿੱਚ। ਬਿਜਨੌਰ ਸੀਟ ਸਮਝੌਤੇ ਅਧੀਨ ਆਰ ਐੱਲ ਡੀ ਨੂੰ ਮਿਲੀ ਹੈ। ਯੂ ਪੀ ਬਾਰੇ ਗੱਲ ਕਰਦਿਆਂ ਇਹ ਵੀ ਧਿਆਨ ਵਿੱਚ ਰੱਖਣਾ ਪਵੇਗਾ ਕਿ ਇਸ ਵਾਰ ਮਾਇਆਵਤੀ ਨੇ ਜਿਹੜੇ ਉਮੀਦਵਾਰ ਖੜ੍ਹੇ ਕੀਤੇ ਹਨ, ਉਹ ਮੁੱਖ ਤੌਰ ਉੱਤੇ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਨੂੰ ਸੰਨ੍ਹ ਲਾਉਣ ਵਾਲੇ ਹਨ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਇਹ ਮਾਇਆਵਤੀ ਦੇ ‘ਇੰਡੀਆ’ ਗੱਠਜੋੜ ਨਾਲ ਅੰਦਰਖਾਤੇ ਹੋਏ ਸਮਝੌਤੇ ਦਾ ਸਿੱਟਾ ਹੈ। ਇਸ ਸਮਝੌਤੇ ਅਧੀਨ ਹੀ ਨਗੀਨਾ ਦੀ ਸੀਟ ਚੰਦਰ ਸ਼ੇਖਰ ਨੂੰ ਨਹੀਂ ਛੱਡੀ ਗਈ, ਕਿਉਂਕਿ ਮਾਇਆਵਤੀ ਦਲਿਤਾਂ ਵਿੱਚ ਉਸ ਨੂੰ ਆਪਣਾ ਸ਼ਰੀਕ ਸਮਝਦੀ ਹੈ। ਇਨ੍ਹਾਂ ਸਭ ਹਾਲਤਾਂ ਦੇ ਬਾਵਜੂਦ ਅੰਦਰੂਨੀ ਸਰਵੇ ਵਿੱਚ ਯੂ ਪੀ ਅੰਦਰ ਭਾਜਪਾ ਨੂੰ ਪਿਛਲੀਆਂ 62 ਦੇ ਮੁਕਾਬਲੇ ਇਸ ਵਾਰ 65 ਸੀਟਾਂ ਦਿੱਤੀਆਂ ਗਈਆਂ ਹਨ।
ਰਾਜਪੂਤਾਂ ਦੀ ਬਗਾਵਤ ਦੇ ਨਾਲ-ਨਾਲ ਪੂਰਬੀ ਰਾਜਸਥਾਨ ਵਿੱਚ ਜਾਟ ਅੰਦੋਲਨ ਸ਼ੁਰੂ ਹੋ ਚੁੱਕਾ ਹੈ। ਰਾਜਸਥਾਨ ਵਿੱਚ 1999 ਵਿੱਚ ਜਾਟਾਂ ਨੂੰ ਪਛੜੀਆਂ ਸ਼ੇ੍ਰਣੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਧੌਲਪੁਰ ਤੇ ਭਰਤਪੁਰ ਜ਼ਿਲ੍ਹਿਆਂ ਦੇ ਜਾਟਾਂ ਨੂੰ ਇਸ ਤੋਂ ਇਹ ਕਹਿ ਕੇ ਬਾਹਰ ਰੱਖਿਆ ਗਿਆ ਕਿ ਉਨ੍ਹਾਂ ਦੇ ਵਡੇਰੇ ਰਾਜੇ ਸਨ। ਇਹ ਜਾਟ ਬੀਤੇ ਜਨਵਰੀ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ। ਅਸ਼ੋਕ ਗਹਿਲੋਤ ਨੇ ਇਨ੍ਹਾਂ ਦੇ ਹੱਕ ’ਚ ਅਵਾਜ਼ ਉਠਾਈ ਸੀ, ਪਰ ਕੇਂਦਰ ਸਰਕਾਰ ਨੇ ਸੁਣੀ ਨਹੀਂ। ਹੁਣ ਇਹ ਲੋਕ ਜਥੇਬੰਦ ਹੋ ਕੇ ‘ਅਪ੍ਰੇਸ਼ਨ ਗੰਗਾ ਜਲ’ ਅਧੀਨ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਭਾਜਪਾ ਦੇ ਵਿਰੋਧ ਲਈ ਗੰਗਾ ਜਲ ਦੀਆਂ ਸਹੁੰਆਂ ਚੁਕਾ ਰਹੇ ਹਨ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਧੌਲਪੁਰ ਸ਼ਾਹੀ ਪਰਵਾਰ ਵਿੱਚੋਂ ਹੈ। ਇਨ੍ਹਾਂ ਜਾਟਾਂ ਵਿੱਚ ਉਸ ਨੂੰ ਗੁੱਠੇ ਲਾਉਣ ਦਾ ਵੀ ਗੁੱਸਾ ਹੈ। ‘ਇੰਡੀਆ’ ਗੱਠਜੋੜ ਅਧੀਨ ਇੱਥੇ ਕਾਂਗਰਸ, ਸੀ ਪੀ ਆਈ (ਐੱਮ), ਆਰ ਐੱਲ ਪੀ ਤੇ ਭਾਰਤੀ ਆਦਿਵਾਸੀ ਪਾਰਟੀ ਮਿਲ ਕੇ ਲੜ ਰਹੀਆਂ ਹਨ। ਅੰਦਰੂਨੀ ਸਰਵੇ ਭਾਜਪਾ ਨੂੰ ਪਿਛਲੀਆਂ ਜਿੱਤੀਆਂ 25 ਸੀਟਾਂ ਦੇ ਮੁਕਾਬਲੇ ਇਸ ਵਾਰ 16 ਦੇ ਰਿਹਾ ਹੈ।
ਹਰਿਆਣਾ ਵਿੱਚ ਤਾਂ ਕਿਸਾਨੀ ਅੰਦੋਲਨ ਨੇ ਭਾਜਪਾ ਦੀ ਹਾਲਤ ਪੰਜਾਬ ਵਾਲੀ ਕੀਤੀ ਹੋਈ ਹੈ। ਉਸ ਨੂੰ 6 ਸੀਟਾਂ ’ਤੇ ਆਪਣੇ ਉਮੀਦਵਾਰ ਕਾਂਗਰਸ ’ਚੋਂ ਆਇਆਂ ਨੂੰ ਬਣਾਉਣਾ ਪਿਆ ਹੈ। ਕਾਂਗਰਸ ਤੇ ਆਪ ਦਾ ਗੱਠਜੋੜ ਚੋਣ ਲੜ ਰਿਹਾ ਹੈ। ਪਿਛਲੀ ਵਾਰ ਭਾਜਪਾ ਨੇ ਸਾਰੀਆਂ 10 ਸੀਟਾਂ ਜਿੱਤ ਲਈਆਂ ਸਨ। ਇਸ ਵਾਰ ‘ਅੰਦਰੂਨੀ ਸਰਵੇ’ ਦਾ ਅਨੁਮਾਨ ਹੈ ਕਿ ਉਹ 4 ਸੀਟਾਂ ਹਾਰ ਜਾਵੇਗੀ। ਉੱਤਰਾਖੰਡ ਬਾਰੇ ਅਨੁਮਾਨ ਹੈ ਕਿ ਉਹ ਇਸ ਵਾਰ ਵੀ ਪੰਜੇ ਸੀਟਾਂ ਜਿੱਤ ਸਕਦੀ ਹੈ।
ਇਨ੍ਹਾਂ ਚਹੁੰ ਰਾਜਾਂ ਵਿੱਚ 120 ਲੋਕ ਸਭਾ ਸੀਟਾਂ ਹਨ। ਪਿਛਲੀ ਵਾਰ ਭਾਜਪਾ 102 ਤੇ ਸਾਂਝੀਦਾਰ 2 ਸੀਟਾਂ ਜਿੱਤੇ ਸਨ। ਇਸ ਵਾਰ ਉਹ ਇਨ੍ਹਾਂ ਵਿੱਚੋਂ 10 ਸੀਟਾਂ ਹਾਰ ਜਾਵੇਗੀ। ਇਸ ਤਰ੍ਹਾਂ ਉਹ ਸਾਡੇ ਕੱਲ੍ਹ ਲਾਏ 298 ਸੀਟਾਂ ਦੇ ਹਿਸਾਬ ਤੋਂ 10 ਘਟ ਕੇ 288 ਉਤੇ ਆ ਜਾਵੇਗੀ। ਕੁਝ ਹੋਰ ਰਾਜਾਂ ਬਾਰੇ ਕੱਲ੍ਹ ਗੱਲ ਕਰਾਂਗੇ।
-ਚੰਦ ਫਤਿਹਪੁਰੀ