ਥੇਨੀ (ਤਾਮਿਲਨਾਡੂ) : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਉਨ੍ਹਾ ਦੀ ਪਾਰਟੀ ਡੀ ਐੱਮ ਕੇ ਨੂੰ ਕੁਰੱਪਟ ਗਰਦਾਨਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਕਿਹਾ ਹੈ ਕਿ ਜੇ ਕੁਰੱਪਸ਼ਨ ਦੀ ਯੂਨੀਵਰਸਿਟੀ ਕਾਇਮ ਹੁੰਦੀ ਹੈ ਤਾਂ ਮੋਦੀ ਉਸ ਦਾ ਵਾਈਸ ਚਾਂਸਲਰ ਬਣਨ ਲਈ ਸਭ ਤੋਂ ਢੁਕਵੇਂ ਵਿਅਕਤੀ ਹੋਣਗੇ। ਜੇ ਕੋਈ ਪੁੱਛੇ ਕਿ ਕਿਉ, ਤਾਂ ਜਵਾਬ ਹੈ ਇਲੈਕਟੋਰਲ ਬਾਂਡ, ਪੀ ਐੱਮ ਕੇਅਰਜ਼ ਫੰਡ ਅਤੇ ਦਾਗੀ ਆਗੂਆਂ ਨੂੰ ਵਾਸ਼ਿੰਗ ਮਸ਼ੀਨ ਵਿਚ ਪਾ ਕੇ ਭਗਵੇਂ ਬਣਾਉਣਾ।
ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਟਾਲਿਨ ਨੇ ਡੀ ਐੱਮ ਕੇ ਉੱਤੇ ਤਾਮਿਲ ਕਲਚਰ ਵਿਰੋਧੀ ਹੋਣ ਦੇ ਮੋਦੀ ਦੇ ਦੋਸ਼ ਦਾ ਜਵਾਬ ਦਿੰਦਿਆਂ ਕਿਹਾ-ਸਾਡਾ ਤਾਮਿਲ ਕਲਚਰ ਸਭ ਨੂੰ ਨਾਲ ਲੈ ਕੇ ਚੱਲਣ ਦਾ ਹੈ, ਜਦਕਿ ਪ੍ਰਧਾਨ ਮੰਤਰੀ ਵੰਡਪਾਊ ਨੀਤੀਆਂ ’ਤੇ ਚੱਲਦੇ ਹਨ।