ਜਲੰਧਰ : ਲੋਕ ਭਲਾਈ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸਮੂਹ ਰਾਜਸੀ ਧਿਰਾਂ ਨੂੰ ਜ਼ੋਰ ਦੇ ਕੇ ਚੇਤਾਵਨੀ ਦਿੱਤੀ ਹੈ ਕਿ ਸਮੂਹ ਦਲਿਤ ਅਤੇ ਤੰਗੀ ਨਾਲ ਜੂਝਦੇ ਵਰਗ ਤੇ ਕਮਜ਼ੋਰ ਕਮਾਈਦਾਰਾਂ ਵਿੱਚ ਉਹਨਾਂ ਦੇ ਬੱਚਿਆਂ ਦੇ ਗਰੀਬੀ ਲਿਬਾਸ, ਫੱਟੀ ਬਸਤਿਆਂ ਵਾਲੀ ਕੰਗਾਲੀ ਗ੍ਰਸਤ ਸਕੂਲਾਂ ਤੇ ਉਸੇ ਤਰ੍ਹਾਂ ਦੇ ਅਧਿਆਪਕ ਵਰਗ ਵੱਲੋਂ ਪੜ੍ਹਾਈ ਅਤੇ ਉਨ੍ਹਾਂ ਦੇ ਹੀ ਪਿੰਡਾਂ ਤੇ ਸ਼ਹਿਰਾਂ ਵਿੱਚ ਠਾਠ ਤੇ ਸ਼ਾਨ ਵਾਲੇ ਕਾਨਵੈਂਟ ਸਕੂਲਾਂ ਦੇ ਪ੍ਰਬੰਧਕਾਂ ਦੀ ਅਮੀਰੀ ਕਾਰਨ ਈਰਖਾ ਤੇ ਸਾੜਾ ਜ਼ਹਿਰ ਬਣ ਕੇ ਦੁਸ਼ਮਣਾਂ ਵਰਗਾ ਟਕਰਾਅ ਪੈਦਾ ਕਰ ਰਿਹਾ ਹੈ। ਰਾਮੂਵਾਲੀਆ ਨੇ ਕਿਹਾ ਕਿ ਇਸ ਭਿਆਨਕ ਦੁਖਾਂਤ ਦਾ ਪੂਰਨ ਹੱਲ ਲੋਕ ਭਲਾਈ ਪਾਰਟੀ ਕੋਲ ਹੈ। ਉਹਨਾ ਕਿਹਾ ਕਿ ਕਾਨਵੈਂਟ ਸਕੂਲ ਪ੍ਰਬੰਧਕ ਵਿਦਿਅਕ ਖੇਤਰ ਵਿੱਚ ਵੀ ਲੁੱਟ ਦੇ ਬੇਰਹਿਮ ਵਪਾਰੀ ਸਾਬਤ ਹੋ ਚੁੱਕੇ ਹਨ। ਗਰੀਬ ਵਰਗ ਬੁਰੀ ਤਰ੍ਹਾਂ ਬੇਚੈਨ ਤੇ ਕੌੜਾ ਹੋ ਕੇ ਸੰਗਠਤ ਹੋ ਚੁੱਕਾ ਹੈ। ਰਾਮੂਵਾਲੀਆ ਨੇ ਕਿਹਾ ਮਾਰੂ ਨਿਰਾਸ਼ਾ ਇਹ ਹੈ ਕਿ ਧਨ ਧਾਰਕ ਅਤੇ ਕਾਨਵੈਂਟ ਪ੍ਰਬੰਧਕ, ਸ਼ਾਸਕ ਤੇ ਰਾਜਸੀ ਆਗੂ ਜੁੰਡਲੀ ਬਣਾ ਕੇ ਸਥਾਪਤ ਵੀ ਹੋ ਚੁੱਕੇ ਹਨ ਅਤੇ ਬਦਨਾਮ ਵੀ। ਇਸ ਕਰਕੇ ਸਮਰੱਥ ਸ਼੍ਰੇਣੀ ਅਤੇ ਗਰੀਬ ਸ਼੍ਰੇਣੀ ਵਿਚ ਬਹੁਤ ਮਾੜਾ ਜੰਗ ਵਰਗਾ ਟਕਰਾਅ ਪੱਕਾ ਹੋਵੇਗਾ। ਇਸ ਲਈ ਇਸ ਮੁੱਦੇ ਨੂੰ ਕੌਮੀ ਫਿਕਰਮੰਦ ਸਮਾਜਕ ਵਰਗਾਂ ਵਿਚ ਅਮਨ ਤੇ ਸਦਭਾਵਨਾ ਦਾ ਵਿਸ਼ਾ ਬਣਾ ਕੇ ਵਿਚਾਰਿਆ ਜਾਵੇ। ਉਹਨਾ ਕਿਹਾ ਕਿ ਸਮੂਹ ਬੁੱਧੀਵਾਨ ਅਤੇ ਸਮਾਜਕ ਸ਼ਾਂਤੀ ਲਈ ਫਿਕਰਮੰਦ ਲੋਕਾਂ ਨੂੰ ਕੋਈ ਠੋਸ ਰਾਹ ਜ਼ਰੂਰ ਲੱਭਣਾ ਚਾਹੀਦਾ ਹੈ।