ਲੁਧਿਆਣਾ (ਐੱਮ ਐੱਸ ਭਾਟੀਆ)-ਐਤਵਾਰ ਇੱਥੇ ਜਲੰਧਰ ਬਾਈਪਾਸ ’ਤੇ ਸਥਿਤ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਹਾਰ ਪਾਉਣ ਉਪਰੰਤ ਰੈਲੀ ਕਰਕੇ ਭਾਰਤੀ ਕਮਿਉਨਿਸਟ ਪਾਰਟੀ ਨੇ ਪ੍ਰਣ ਕੀਤਾ ਕਿ ਉਹ ਦੇਸ਼ ਦੇ ਸੰਵਿਧਾਨ ਦੀ ਰਾਖੀ ਲਈ ਹਰ ਕੁਰਬਾਨੀ ਦੇਣਗੇ। ਦੇਸ਼ ਦੇ ਆਜ਼ਾਦੀ ਘੁਲਾਟੀਆਂ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਗਦਰੀ ਬਾਬੇ ਅਤੇ ਕਮਿਊਨਿਸਟਾਂ ਵੱਲੋਂ ਚਲਾਏ ਗਏ ਆਜ਼ਾਦੀ ਦੇ ਅੰਦੋਲਨ ਸਦਕਾ ਅਤੇ ਉਹਨਾਂ ਦੇ ਵਿਚਾਰਾਂ ਤੋਂ ਪ੍ਰੇਰਿਤ ਭਾਰਤੀ ਸੰਵਿਧਾਨ ਨੂੰ ਰਚਣ ਵਿੱਚ ਡਾਕਟਰ ਅੰਬੇਡਕਰ ਨੇ ਬਹੁਤ ਵੱਡੀ ਭੂਮਿਕਾ ਨਿਭਾਈ। ਸਾਡੇ ਇਸ ਨਿਵੇਕਲੇ ਸੰਵਿਧਾਨ ਵਿੱਚ ਨਿਆਂ ਤੇ ਬਰਾਬਰੀ ਨੂੰ ਪਹਿਲ ਦਿੱਤੀ ਗਈ ਹੈ। ਜਿੱਥੇ ਸਭਨਾਂ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ, ਉਥੇ ਸਦੀਆਂ ਤੋਂ ਦੱਬੇ-ਕੁਚਲੇ ਵਰਗਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਉਪਰ ਚੁੱਕਣ ਦਾ ਫੈਸਲਾ ਵੀ ਲਿਆ ਗਿਆ। ਲੋਕਤੰਤਰ, ਧਰਮ ਨਿਰਪੱਖਤਾ ਤੇ ਸਮਾਜਵਾਦ ਦਾ ਨਿਸ਼ਾਨਾ ਸੰਵਿਧਾਨ ਵਿੱਚ ਰੱਖਿਆ ਗਿਆ। ਵੱਖ-ਵੱਖ ਸੰਵਿਧਾਨਕ ਸੰਸਥਾਵਾਂ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਆਪਣੇ ਮੁਤਾਬਕ ਦੇਸ਼ ਦੇ ਵਿਕਾਸ ਲਈ ਕੰਮ ਕਰ ਸਕਣ, ਪਰ ਆਰ ਐੱਸ ਐੱਸ ਦੀ ਥਾਪੜੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਦੋਂ ਤੋਂ ਸੱਤਾ ਵਿਚ ਆਈ ਹੈ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਇਸ ਦੇ ਮੁਢਲੇ ਸਿਧਾਂਤਾਂ ਨੂੰ ਤੋੜ-ਮਰੋੜ ਕੇ ਦੇਸ਼ ਵਿੱਚ ਜੋ ਵਿਭਿੰਨਤਾ ਹੈ, ਉਸ ਨੂੰ ਖੇਰੂੰ-ਖੇਰੰੂ ਕਰਕੇ ਇੱਕਸੁਰਤਾ ਦਾ ਸਮਾਜ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿ ਕੱਟੜ ਹਿੰਦੂਤਵਵਾਦੀ ਵਿਚਾਰਧਾਰਾ ਦੇ ਮੁਤਾਬਕ ਸਮਾਜ ਚੱਲੇ। ਸੰਵਿਧਾਨਕ ਸੰਸਥਾਵਾਂ ਨੂੰ ਆਪਣੇ ਅਧਿਕਾਰ ਵਰਤਣ ਤੋਂ ਰੋਕਿਆ ਜਾ ਰਿਹਾ ਹੈ। ਦਲਿਤਾਂ, ਘੱਟ ਗਿਣਤੀਆਂ, ਆਦਿਵਾਸੀਆਂ ਅਤੇ ਜੋ ਕੋਈ ਵੀ ਇਹਨਾਂ ਨੂੰ ਪ੍ਰਸ਼ਨ ਕਰੇ, ਉਹਨਾਂ ਨੂੰ ਦੇਸ਼ ਧਰੋਹੀ ਕਰਾਰ ਦੇ ਕੇ ਭੰਡਿਆ ਜਾ ਰਿਹਾ ਹੈ। ਚੁਣੇ ਹੋਏ ਸੰਸਦ ਮੈਂਬਰਾਂ ਨੂੰ ਸੰਸਦ ਤੋਂ ਕੱਢਿਆ ਗਿਆ। ਚੁਣੇ ਹੋਏ ਮੁੱਖ ਮੰਤਰੀਆਂ ਨੂੰ ਗਿ੍ਰਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਿਆ ਗਿਆ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਬੁੱਧੀਜੀਵੀਆਂ ਨੂੰ ਕੈਦ ਕਰ ਦਿੱਤਾ ਗਿਆ। ਭੀੜਾਂ ਦੁਆਰਾ ਹੱਤਿਆਵਾਂ ਕਰਨ ਨੂੰ ਉਕਸਾਇਆ ਗਿਆ ਤੇ ਹੱਤਿਆ ਕਰਨ ਵਾਲਿਆਂ ਨੂੰ ਸਿਰੋਪੇ ਭੇਟ ਕੀਤੇ ਜਾ ਰਹੇ ਹਨ।ਇਸ ਮੌਕੇ ਹਾਜ਼ਰ ਪਾਰਟੀ ਕਾਰਕੁਨਾਂ ਨੇ ਸੰਕਲਪ ਲਿਆ ਕਿ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਇਸ ਕੱਟੜਪੰਥੀ ਫਿਰਕੂ ਸਰਕਾਰ ਨੂੰ ਚਲਦਾ ਕਰਨਾ ਹੈ। ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ ਜ਼ਿਲਾ ਸਕੱਤਰ, ਅਰੁਣ ਮਿੱਤਰਾ ਕੌਮੀ ਕੌਂਸਲ ਮੈਂਬਰ, ਐੱਮ ਐੱਸ ਭਾਟੀਆ ਸ਼ਹਿਰੀ ਸਕੱਤਰ, ਰਮੇਸ਼ ਰਤਨ ਚੇਅਰਮੈਨ ਕੰਟਰੋਲ ਕਮਿਸ਼ਨ, ਕੇਵਲ ਸਿੰਘ ਬਨਵੈਤ ਆਦਿ ਸਨ।ਇਸ ਮੌਕੇ ਅਵਤਾਰ ਛਿੱਬੜ, ਸਤਿਨਾਮ ਸਿੰਘ, ਦਾਨ ਸਿੰਘ, ਡਾਕਟਰ ਐੱਸ ਕੇ ਨਗੇਸ਼, ਰਾਮ ਚੰਦ ਅਤੇ ਅਨੋਦ ਕੁਮਾਰ ਆਦਿ ਸ਼ਾਮਲ ਸਨ।