ਅੰਮਿ੍ਰਤਸਰ : ਰੇਲਵੇ ਜੰਕਸ਼ਨ ਅੰਮਿ੍ਰਤਸਰ ਤੇ ਛੇਹਰਟਾ ਦੇ ਵਿਚਕਾਰ ਪੈਂਦੇ ਇਲਾਕਾ ਕੋਟ ਖ਼ਾਲਸਾ ਵਿਖੇ ਸਥਿਤ ਰੇਲਵੇ ਫਾਟਕ ਨੰਬਰ 21 ਵਿਖੇ ਸੋਮਵਾਰ ਦੁਪਹਿਰ ਦੇ ਸਮੇਂ ਗੇਟ ’ਤੇ ਤਾਇਨਾਤ ਗੇਟ ਮੈਨ ਤੇ ਰੇਲਵੇ ਡਰਾਈਵਰ ਦੀ ਫੁਰਤੀ ਦੇ ਨਾਲ ਵੱਡਾ ਰੇਲ ਹਾਦਸਾ ਟਲ ਗਿਆ। ਲੋਕਾਂ ਮੁਤਾਬਕ ਛੇਹਰਟਾ ਸਾਈਡ ਤੋਂ ਦੁਪਹਿਰ ਦੇ ਸਮੇਂ ਇਕ ਇਲੈਕਟਿ੍ਕ ਇੰਜਣ ਦੇ ਅੰਮਿ੍ਰਤਸਰ ਸਾਈਡ ਵੱਲ ਨੂੰ ਜਾਣ ਦੀ ਸੂਚਨਾ ਗੇਟਮੈਨ ਬਲਵਿੰਦਰ ਸਿੰਘ ਮਿਲੀ। ਗੇਟਮੈਨ ਨੇ ਜਿਉਂ ਹੀ ਫਾਟਕ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੌਰਾਨ ਕੁੱਝ ਛੋਟੀਆਂ-ਵੱਡੀਆਂ ਮੋਟਰ ਗੱਡੀਆਂ ਇੱਧਰੋਂ-ਉੱਧਰੋਂ ਪਾਰ ਹੋਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਇੱਕ ਰਿਕਸ਼ਾ ਚਾਲਕ ਨੇ ਗ਼ਲਤ ਸਾਈਡ ਤੋਂ ਆ ਕੇ ਆਪਣਾ ਈ-ਰਿਕਸ਼ਾ ਖੜ੍ਹਾ ਕਰ ਦਿੱਤਾ। ਜਿਸ ਨਾਲ ਸਾਰੀ ਆਵਾਜਾਈ ਪ੍ਰਭਾਵਤ ਹੋ ਕੇ ਰਹਿ ਗਈ ਤੇ ਰੇਲਵੇ ਫਾਟਕ ਮੁਕੰਮਲ ਰੂਪ ਵਿਚ ਬੰਦ ਨਾ ਹੋ ਸਕਿਆ। ਕਾਰ ਚਾਲਕ ਤੇ ਗੇਟਮੈਨ ਦੇ ਸਮਝਾਉਣ ਦੇ ਬਾਵਜੂਦ ਈ-ਰਿਕਸ਼ਾ ਚਾਲਕ ਨਹੀਂ ਟਲਿਆ ਤੇ ਉਸ ਨੇ ਸਾਰਿਆਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ।
ਏਨੇ ਚਿਰ ਨੂੰ ਇਲੈਕਟਿ੍ਕ ਇੰਜਣ ਤੇਜ਼ੀ ਨਾਲ ਫਾਟਕ ਵੱਲ ਵੱਧ ਰਿਹਾ ਸੀ। ਜਦੋਂ ਡਰਾਈਵਰ ਨੇ ਗੇਟ ਖੁੱਲ੍ਹਾ ਹੋਣ ’ਤੇ ਭੀੜ ਦੇਖੀ ਤਾਂ ਉਸ ਨੇ ਫੁਰਤੀ ਦਾ ਮੁਜ਼ਾਹਰਾ ਕਰਦਿਆਂ ਸਮਾਂ ਰਹਿੰਦੇ ਫਾਟਕ ਤੋਂ ਕੁੱਝ ਦੂਰੀ ’ਤੇ ਇੰਜਣ ਖੜ੍ਹਾ ਕਰ ਦਿੱਤਾ। ਜਿਸ ਨਾਲ ਇਕ ਵੱਡਾ ਰੇਲ ਹਾਦਸਾ ਹੋਣੋ ਟਲ ਗਿਆ। ਇਸ ਰੇਲਵੇ ਫਾਟਕ ’ਤੇ ਪਹਿਲਾਂ ਵੀ ਕਈ ਪ੍ਰਕਾਰ ਦੀਆਂ ਦੁਰਘਟਨਾਵਾ ਹੋ ਚੁੱਕੀਆਂ ਹਨ ਜਿਸ ਦੌਰਾਨ ਇਲਾਕਾ ਨਿਵਾਸੀਆਂ ਦਾ ਵੱਡੇ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਗੰਭੀਰਤਾ ਨਾਲ ਇਸ ਘਟਨਾਕ੍ਰਮ ਦੀ ਜਾਂਚ ਦੀ ਮੰਗ ਕੀਤੀ ਹੈ।