39.2 C
Jalandhar
Saturday, July 27, 2024
spot_img

ਪੰਜਾਬ ਦੀ ਤਸਵੀਰ ਹੋਰ ਸਾਫ਼

ਚੰਡੀਗੜ੍ਹ (ਗੁਰਜੀਤ ਬਿੱਲਾ)-ਆਮ ਆਦਮੀ ਪਾਰਟੀ ਨੇ ਮੰਗਲਵਾਰ ਪੰਜਾਬ ’ਚ ਲੋਕ ਸਭਾ ਚੋਣਾਂ ਲਈ ਤੀਜੀ ਤੇ ਅੰਤਮ ਸੂਚੀ ਜਾਰੀ ਕਰ ਦਿੱਤੀ। ਉਸ ਨੇ ਫਿਰੋਜ਼ਪੁਰ ਤੋਂ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਉਰਫ ਸ਼ੈਰੀ ਕਲਸੀ, ਜਲੰਧਰ ਤੋਂ ਪਵਨ ਕੁਮਾਰ ਟੀਨੰੂ ਅਤੇ ਲੁਧਿਆਣਾ ਤੋਂ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਉਮੀਦਵਾਰ ਐਲਾਨਿਆ ਹੈ। ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਭਾਜਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਮੀਆਂਵਿੰਡ, ਹੁਸ਼ਿਆਰਪੁਰ (ਰਿਜ਼ਰਵ) ਤੋਂ ਅਨੀਤਾ ਸੋਮ ਪ੍ਰਕਾਸ਼ ਅਤੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਸ ਤਰ੍ਹਾਂ ਭਾਜਪਾ ਦੇ 9 ਉਮੀਦਵਾਰ ਮੈਦਾਨ ਵਿਚ ਆ ਗਏ ਹਨ। ਸੰਗਰੂਰ, ਆਨੰਦਪੁਰ ਸਾਹਿਬ, ਫਿਰੋਜ਼ਪੁਰ ਅਤੇ ਫਤਹਿਗੜ੍ਹ ਸਾਹਿਬ ਦੇ ਉਮੀਦਵਾਰਾਂ ਦਾ ਐਲਾਨ ਬਾਕੀ ਹੈ। ਅਨੀਤਾ ਸੋਮ ਪ੍ਰਕਾਸ਼ (70) ਹੁਸ਼ਿਆਰਪੁਰ ਤੋਂ ਸਿਟਿੰਗ ਸਾਂਸਦ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ (75) ਦੀ ਪਤਨੀ ਹੈ। ਸੋਮ ਪ੍ਰਕਾਸ਼ ਸਿਹਤ ਠੀਕ ਨਾ ਰਹਿੰਦੀ ਹੋਣ ਕਾਰਨ ਐਤਕੀਂ ਚੋਣ ਮੈਦਾਨ ਤੋਂ ਪਾਸੇ ਹੋ ਗਏ ਹਨ।
ਅਨੀਤਾ ਹੁਸ਼ਿਆਰਪੁਰ ਵਿਚ ਸਮਾਜ ਸੇਵਾ ਦਾ ਕੰਮ ਕਰਦੀ ਹੈ। ਉਹ ਦੋ ਦਹਾਕਿਆਂ ਤੋਂ ਫਗਵਾੜਾ ਵਿਚ ਲੋੜਵੰਦ ਪਰਵਾਰਾਂ ਲਈ ਰਸੋਈ ਵੀ ਚਲਾ ਰਹੀ ਹੈ। ਉਸ ਨੂੰ ਸੋਮ ਪ੍ਰਕਾਸ਼ ਪਿਛਲਾ ਦਿਮਾਗ ਸਮਝਿਆ ਜਾਂਦਾ ਹੈ। ਸੋਮ ਪ੍ਰਕਾਸ਼ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਹੋਣ ਵਾਲੀਆਂ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹੇ ਹਨ। ਸੋਮ ਪ੍ਰਕਾਸ਼ ਨੇ 2019 ਦੀਆਂ ਚੋਣਾਂ ਵਿਚ ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਨੂੰ ਹਰਾਇਆ ਸੀ। ਚੱਬੇਵਾਲ ਐਤਕੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ।
ਪਰਮਪਾਲ ਕੌਰ 3 ਅਪ੍ਰੈਲ ਨੂੰ ਆਈ ਏ ਐੱਸ ਅਫਸਰ ਵਜੋਂ ਅਸਤੀਫਾ ਦੇ ਕੇ ਚਰਚਾ ਵਿਚ ਆਈ ਸੀ ਅਤੇ 11 ਅਪ੍ਰੈਲ ਨੂੰ ਪਤੀ ਗੁਰਪ੍ਰੀਤ ਸਿੰਘ ਸਿੱਧੂ ਨਾਲ ਭਾਜਪਾ ਵਿਚ ਸ਼ਾਮਲ ਹੋ ਗਈ ਸੀ। ਉਹ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ। ਬਠਿੰਡਾ ਹਲਕੇ ਵਿਚ ‘ਆਪ’ ਨੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਕਾਂਗਰਸ ਨੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਖੜ੍ਹਾ ਕੀਤਾ ਹੈ। ਅਕਾਲੀ ਦਲ ਨੇ ਤਿੰਨ ਵਾਰ ਜਿੱਤਣ ਵਾਲੀ ਹਰਸਿਮਰਤ ਕੌਰ ਬਾਦਲ ਦਾ ਨਾਂਅ ਅਜੇ ਐਲਾਨਿਆ ਨਹੀਂ। ਮਨਜੀਤ ਸਿੰਘ ਮੰਨਾ (47) ਅਕਾਲੀ ਦਲ ਵੱਲੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। 2021 ਵਿਚ ਭਾਜਪਾ ਵਿਚ ਸ਼ਾਮਲ ਹੋ ਕੇ ਲੜੇ ਸੀ, ਪਰ ਕਾਮਯਾਬ ਨਹੀਂ ਹੋਏ। ਖਡੂਰ ਸਾਹਿਬ ਤੋਂ ਆਪ ਉਮੀਦਵਾਰ ਸੂਬਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਹਨ। ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਵਰਤਮਾਨ ਸਾਂਸਦ ਹਨ, ਪਰ ਅਜੇ ਤੱਕ ਕਾਂਗਰਸ ਨੇ ਇੱਥੋਂ ਉਮੀਦਵਾਰ ਨਹੀਂ ਐਲਾਨਿਆ।

Related Articles

LEAVE A REPLY

Please enter your comment!
Please enter your name here

Latest Articles