ਸੰਗਰੂਰ (ਪ੍ਰਵੀਨ ਸਿੰਘ)
‘ਨਸ਼ਿਆਂ ਵਿਰੁੱਧ ਲੜਾਂਗੇ, ਖੇਡਾਂ ਖੇਡਾਂਗੇ ਤੇ ਪੜ੍ਹਾਂਗੇ’ ਦੇ ਨਾਅਰੇ ਹੇਠ ਐਤਵਾਰ ਇਥੇ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ, ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਲੋਕ ਸ਼ਾਮਲ ਹੋਏ | 14 ਤੋਂ 80 ਸਾਲ ਤੱਕ ਦੀ ਉਮਰ ਦੇ ਲੋਕਾਂ ਨੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਦਾ ਸੱਦਾ ਦਿੱਤਾ | ਰੈਲੀ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਸੰਗਰੂਰ ਦੀ ਧਰਤੀ ਤੋਂ ਜਿੰਨੇ ਵੀ ਸੁਨੇਹੇ ਦਿੱਤੇ ਗਏ ਹਨ, ਦੁਨੀਆ ਭਰ ਵਿਚ ਪੁੱਜੇ ਹਨ | ਆਉਣ ਵਾਲੇ ਦਿਨਾਂ ਵਿਚ ਨਸ਼ਿਆਂ ਵਿਰੁੱਧ ਜੰਗ ਹੋਰ ਤੇਜ਼ ਹੋਵੇਗੀ | ਉਨ੍ਹਾ ਕਿਹਾ ਪਹਿਲਾਂ ਲੋਕ ਕਿਹਾ ਕਰਦੇ ਸਨ ‘ਸਾਡਾ ਨ੍ਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ’ ਪਰ ਹੁਣ ਤੋਂ ਕਿਹਾ ਜਾਵੇਗਾ ‘ਸਾਨੂੰ ਬਹੁਤ ਸਰੂਰ, ਸਾਡਾ ਜ਼ਿਲ੍ਹਾ ਸੰਗਰੂਰ |’
ਜੀ ਜੀ ਐੱਸ ਸਕੂਲ ਤੋਂ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਈ 15 ਹਜ਼ਾਰ ਸਾਈਕਲ ਸਵਾਰਾਂ ਦੀ ਰੈਲੀ ਸ਼ਹਿਰ ‘ਚੋਂ ਹੁੰਦੀ ਹੋਈ ਮਸਤੂਆਣਾ ਸਾਹਿਬ ਪੁੱਜੀ, ਜਿਥੋਂ ਵਾਪਸੀ ‘ਤੇ ਧੂਰੀ ਰੋਡ ਸਥਿਤ ਪੈਲੇਸ ਵਿਚ 19 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਮਾਪਤ ਹੋਈ | ਐੱਸ ਐੱਸ ਪੀ ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਇਸ ਉਪਰਾਲੇ ਦੀ ਅਗਵਾਈ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹਰਜੀਤ ਹਰਮਨ ਨੇ ਦਰਸਕਾਂ ਦਾ ਮਨ ਮੋਹ ਲਿਆ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਆਈ ਜੀ ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਮੁੱਖ ਮੰਤਰੀ ਦੇ ਓ ਐਸ ਡੀ ਰਾਜਬੀਰ ਸਿੰਘ, ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ, ਅਰਜੁਨਾ ਐਵਾਰਡੀ ਪਲਵਿੰਦਰ ਸਿੰਘ ਚੀਮਾ ਅਤੇ ਰਾਜਪਾਲ ਸਿੰਘ, ਰਾਸ਼ਟਰ ਮੰਡਲ ਖੇਡਾਂ ਦੇ ਮੈਡਲ ਜੇਤੂ ਐੱਸ ਪੀ ਹਰਵੰਤ ਕੌਰ, ਪਦਮਸ੍ਰੀ ਸੁਨੀਤਾ ਰਾਣੀ, ਡੀ ਐੱਸ ਪੀ ਪਿ੍ਥਵੀ ਸਿੰਘ ਚਹਿਲ, ਸੁਖਵੀਰ ਸਿੰਘ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |