ਪਟਿਆਲਾ : ਇੱਥੋਂ ਦੀ ਇਕ ਦੁਕਾਨ ਤੋਂ ਖਰੀਦੀ ਮਿਆਦ ਪੁੱਗੀ ਚਾਕਲੇਟ ਖਾਣ ਨਾਲ ਬਿਮਾਰ ਹੋਈ ਡੇਢ ਸਾਲ ਦੀ ਬੱਚੀ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਲੁਧਿਆਣਾ ਦੀ ਰਾਬੀਆ ਨਾਂਅ ਦੀ ਬੱਚੀ ਆਪਣੇ ਪਰਵਾਰ ਨਾਲ ਇੱਥੇ ਵਿਆਹ ’ਤੇ ਆਈ ਸੀ। ਰਾਬੀਆ ਦੇ ਤੋਪਖਾਨਾ ਮੋੜ ’ਤੇ ਰਹਿੰਦੇ ਰਿਸ਼ਤੇਦਾਰ ਵਿੱਕੀ ਕੁਮਾਰ ਨੇ ਦੱਸਿਆ ਕਿ ਉਸ ਨੇ ਅਦਾਲਤ ਬਾਜ਼ਾਰ ਵਿਚ ਪੀਲੀ ਸੜਕ ’ਤੇ ਸਥਿਤ ਨਾਰਾਇਣ ਚੱਕੀ ਨਾਂਅ ਦੀ ਦੁਕਾਨ ਤੋਂ 300 ਰੁਪਏ ਦੀਆਂ ਚਾਕਲੇਟਾਂ ਤੇ ਹੋਰ ਚੀਜ਼ਾਂ ਖਰੀਦੀਆਂ। ਰਾਬੀਆ ਦਾ ਪਰਵਾਰ ਲੁਧਿਆਣਾ ਪਰਤ ਗਿਆ ਤੇ ਬੁੱਧਵਾਰ ਰਾਬੀਆ ਨੇ ਚਾਕਲੇਟ ਖਾਧੀ ਤਾਂ ਉਲਟੀਆਂ-ਟੱਟੀਆਂ ਕਰਨ ਲੱਗ ਪਈ। ਉਸ ਨੂੰ ਸੀ ਐੱਮ ਸੀ ਦਾਖਲ ਕਰਾਉਣਾ ਪਿਆ। ਹਾਲਾਂਕਿ ਬਾਅਦ ਵਿਚ ਉਸ ਦੀ ਤਬੀਅਤ ਠੀਕ ਹੋ ਗਈ। ਪਰਵਾਰ ਨੇ ਚਾਕਲੇਟ ਦਾ ਕਵਰ ਦੇਖਿਆ ਤਾਂ ਪਤਾ ਲੱਗਾ ਕਿ ਚਾਕਲੇਟ ਦੀ ਮਿਆਦ ਕਰੀਬ ਛੇ ਮਹੀਨੇ ਪਹਿਲਾਂ ਮੁੱਕ ਗਈ ਸੀ। ਸਿਹਤ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ’ਤੇ ਦੁਕਾਨ ’ਤੇ ਛਾਪਾ ਮਾਰਿਆ। ਵਿੱਕੀ ਨੇ ਦਾਅਵਾ ਕੀਤਾ ਕਿ ਛਾਪੇ ਦੀ ਭਿਣਕ ਹੋਣ ’ਤੇ ਦੁਕਾਨਦਾਰ ਨੇ ਗਿਫਟ ਪੈਕ ਪਾਸੇ ਕਰ ਦਿੱਤੇ ਸਨ। ਤਾਂ ਵੀ ਹਰੀ ਰਾਮ ਗਹਿਲੋਤ ਨਾਂਅ ਦੇ ਬੰਦੇ ਨੇ ਕਿਹਾ ਕਿ ਦੁਕਾਨ ਤੋਂ ਕਈ ਵੇਲਾ ਵਿਹਾ ਚੁੱਕੇ ਉਤਪਾਦ ਬਰਾਮਦ ਹੋਏ ਹਨ। ਪੁਲਸ ਨੇ ਕਿਹਾ ਕਿ ਸਿਹਤ ਵਿਭਾਗ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਪਿਛਲੇ ਮਹੀਨੇ ਇੱਥੇ ਬਰਥ ਡੇ ਕੇਕ ਖਾਣ ਤੋਂ ਬਾਅਦ 10 ਸਾਲ ਦੀ ਕੁੜੀ ਮਾਨਵੀ ਦੀ ਮੌਤ ਹੋ ਗਈ ਸੀ।