ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾ ਦੇ ਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਪਣੀ ਰਿਹਾਇਸ਼ ’ਤੇ ਪਾਰਟੀ ਵਰਕਰਾਂ ਦੀ ਰਾਇ ਜਾਨਣ ਤੋਂ ਬਾਅਦ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਸਮਰਥਕ ਪਾਰਟੀ ਵਰਕਰ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਹੱਕ ਵਿਚ ਨਹੀਂ ਚੱਲਣਗੇ ਅਤੇ ਘਰ ਬੈਠ ਜਾਣਗੇ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਵੇਂ ਕਿ ਪਾਰਟੀ ਵੱਲੋਂ ਸੁਨੇਹੇ ਆਏ ਕਿ ਟਿਕਟ ਬਦਲ ਦਿੰਦੇ ਹਾਂ, ਪਰ ਉਨ੍ਹਾ ਜਵਾਬ ਦੇ ਦਿੱਤਾ ਕਿ ਟਿਕਟ ਨਹੀਂ ਲੈਣੀ, ਜੋ ਹੋਣਾ ਸੀ ਹੋ ਗਿਆ। ਉਨ੍ਹਾ ਕਿਹਾ ਕਿ ਭਾਵੇਂ ਪਰਮਿੰਦਰ ਸਿੰਘ ਢੀਂਡਸਾ ਨੂੰ ਭਾਜਪਾ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ, ਪਰ ਉਨ੍ਹਾ ਜਵਾਬ ਦੇ ਦਿੱਤਾ ਕਿ ਅਕਾਲੀ ਸੀ, ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ। ਉਨ੍ਹਾ ਕਿਹਾ ਕਿ ਉਨ੍ਹਾ ਦੇ ਸਮਰਥਕ ਪਾਰਟੀ ਵਰਕਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਝੂੰਦਾ ਨਾਲ ਬਿਲਕੁਲ ਨਹੀਂ ਚੱਲਣਗੇ। ਝੂੰਦਾਂ ਜਿਥੇ ਕਿਤੇ ਵੀ ਪ੍ਰਚਾਰ ਲਈ ਗਿਆ, ਸਾਡੇ ਵਰਕਰਾਂ ਨੂੰ ਨਹੀਂ ਬੁਲਾਇਆ ਗਿਆ। ਢੀਂਡਸਾ ਨੇ ਕਿਹਾ ਕਿ ਉਨ੍ਹਾ ਦੀ ਚੰਡੀਗੜ੍ਹ ਰਿਹਾਇਸ਼ ’ਤੇ ਪੁੱਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀਤੁਹਾਡਾ ਬੱਚਾ ਹਾਂ, ਮੁਆਫੀ ਮੰਗਦਾ ਹਾਂ, ਗਲਤੀ ਹੋ ਗਈ। ਢੀਂਡਸਾ ਨੇ ਕਿਹਾ ਕਿ ਮੁਆਫੀ ਤੇ ਗਲਤੀ ਦੀ ਗੱਲ ਨਹੀਂ ਸਗੋਂ ਵਿਸ਼ਵਾਸ ਟੁੱਟਿਆ ਹੈ। ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ’ਚ 14/15 ਸੀਟਾਂ ਤੱਕ ਸੀਮਤ ਹੋ ਕੇ ਰਹਿ ਗਿਆ ਸੀ ਅਤੇ ਹੁਣ ਸਿਰਫ ਤਿੰਨ ਸੀਟਾਂ ’ਤੇ ਰਹਿ ਗਏ ਹਾਂ। ਇਸ ਲਈ ਦਲ ਨੂੰ ਤਕੜਾ ਕਰਨਾ ਹੈ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਸੰਖੇਪ ’ਚ ਕਿਹਾ ਕਿ ਪਾਰਟੀ ਵਰਕਰਾਂ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਝੂੰਦਾਂ ਦੇ ਹੱਕ ਵਿਚ ਨਹੀਂ ਤੁਰਨਗੇ, ਉਹ ਵਿਰੋਧ ਵੀ ਨਹੀਂ ਕਰਨਗੇ, ਸਗੋਂ ਘਰ ਬੈਠ ਜਾਣਗੇ।