ਰਾਂਚੀ : ਇੰਡੀਆ ਗੱਠਜੋੜ ਦੀ ਐਤਵਾਰ ਇੱਥੇ ਹੋਈ ‘ਉਲਗੁਲਾਨ ਨਿਆਏ ਰੈਲੀ’ ਵਿਚ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਉਖਾੜਨ ਦਾ ਸੱਦਾ ਦਿੱਤਾ ਗਿਆ। ਬਿਰਸਾ ਮੁੰਡਾ ਦੇ ਕਬਾਇਲੀਆਂ ਦੇ ਹੱਕਾਂ ਲਈ ਅੰਗਰੇਜ਼ਾਂ ਖਿਲਾਫ ਸੰਘਰਸ਼ ਦੌਰਾਨ ਉਲਗੁਲਾਨ (ਇਨਕਲਾਬ) ਸ਼ਬਦ ਘੜਿਆ ਗਿਆ ਸੀ।
ਰੈਲੀ ਵਿਚ 28 ਪਾਰਟੀਆਂ ਦੇ ਆਗੂ ਸ਼ਾਮਲ ਹੋਏ। ਮੰਚ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ, ਜਿਨ੍ਹਾਂ ਨੂੰ ਜੇਲ੍ਹ ਵਿਚ ਡੱਕਿਆ ਹੋਇਆ ਹੈ, ਦੀਆਂ ਦੋ ਖਾਲੀ ਕੁਰਸੀਆਂ ਵੀ ਸਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਦਾ ਕੰਮ ਇਹ ਹੈ ਕਿ ਕਿਸੇ ਦੀ ਪਾਰਟੀ ਖਤਮ ਕਰ ਦਿੱਤੀ, ਕਿਸੇ ਦਾ ਨਿਸ਼ਾਨ ਖੋਹ ਲਿਆ, ਕਿਸੇ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਤੇ ਸਾਂਸਦਾਂ ਤੇ ਵਿਧਾਇਕਾਂ ਨੂੰ ਖਰੀਦ ਲਿਆ। ਲੋਕ ਭਾਜਪਾ ਦੇ ਜੁਮਲਿਆਂ ਵਿਚ ਨਾ ਫਸਣ ਤੇ ਇੰਡੀਆ ਗੱਠਜੋੜ ਦੇ ਹੱਕ ਵਿਚ ਫਤਵਾ ਦੇਣ। ਅੱਜ ਦੀ ਰੈਲੀ ਸਿਆਸੀ ਰੈਲੀ ਨਹੀਂ, ਇਹ ਸੰਵਿਧਾਨ ਤੇ ਲੋਕਤੰਤਰ ਨੂੰ ਬਚਾਉਣ ਲਈ ਹੈ। ਜੇ ਭਾਜਪਾ ਨੂੰ ਮੋਦੀ ਲਹਿਰ ’ਤੇ ਏਨਾ ਹੀ ਯਕੀਨ ਹੈ ਤਾਂ ਕੇਜਰੀਵਾਲ ਤੇ ਸੋਰੇਨ ਵਰਗਿਆਂ ਤੋਂ ਕਿਉ ਡਰਦੀ ਹੈ। ਉਨ੍ਹਾ ਕਿਹਾ ਕਿ ਪਹਿਲੇ ਗੇੜ ਵਿਚ ਜਿਨ੍ਹਾਂ 102 ਸੀਟਾਂ ’ਤੇ ਪੋਲਿੰਗ ਹੋਈ, ਉਨ੍ਹਾਂ ਵਿੱਚੋਂ 80-90 ਸੀਟਾਂ ਇੰਡੀਆ ਗੱਠਜੋੜ ਜਿੱਤ ਰਿਹਾ ਹੈ। ਭਾਜਪਾ ਹਿੱਲ ਗਈ ਹੈ।
ਆਪ ਦੇ ਸੰਜੈ ਸਿੰਘ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰੱਪਸ਼ਨ ਬਾਲੇ ਬੋਲਦੇ ਹਨ ਤਾਂ ਲੱਗਦਾ ਹੈ ਕਿ ਜਿਵੇਂ ਓਸਾਮਾ ਬਿਨ ਲਾਦੇਨ ਤੇ ਗੱਬਰ ਸਿੰਘ ਅਹਿੰਸਾ ਦਾ ਪ੍ਰਚਾਰ ਕਰ ਰਹੇ ਹੋਣ। ਭਾਜਪਾ ਦਾ ਨਾਅਰਾ ਹੈਜੋ ਜਿਤਨਾ ਬੜਾ ਭ੍ਰਸ਼ਟਾਚਾਰੀ ਹੈ ਵੋ ਉਤਨਾ ਬੜਾ ਪਦਾਧਿਕਾਰੀ ਹੈ। ਉਨ੍ਹਾ ਕਿਹਾਜੇਲ੍ਹ ਕੇ ਤਾਲੇ ਟੂਟੇਂਗੇ, ਅਰਵਿੰਦ ਕੇਜਰੀਵਾਲ, ਹੇਮੰਤ ਸੋਰੇਨ ਛੂਟੇਂਗੇ।
ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਚੱਲ ਰਹੀ ਹੈ, ਪਰ ਉਹ ਬਹੁਤ ਬਹਾਦਰ ਹਨ, ਸ਼ੇਰ ਹਨ। ਉਨ੍ਹਾ ਨੂੰ ਜੇਲ੍ਹ ਵਿਚ ਵੀ ਭਾਰਤ ਮਾਤਾ ਦੀ ਚਿੰਤਾ ਹੈ।
ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਨੇ ਉਨ੍ਹਾ ਦਾ ਜੇਲ੍ਹ ਤੋਂ ਆਇਆ ਪੱਤਰ ਪੜ੍ਹਿਆ, ਜਿਸ ਵਿਚ ਉਨ੍ਹਾ ਕਿਹਾਮੈਂ ਜੇਲ੍ਹ ਵਿਚ ਹੁੰਦਿਆਂ ਵੀ ਖੁਸ਼ ਹਾਂ ਕਿ ਜਿਹੜੇ ਲੋਕਤੰਤਰ ਦੀ ਰਾਖੀ ਦੀ ਲੜਾਈ ਅਸੀਂ ਲੜ ਰਹੇ ਹਾਂ, ਉਸ ਨੂੰ ਸਿਰਫ ਅਸੀਂ ਹੀ ਨਹੀਂ, ਵੱਖ-ਵੱਖ ਰਾਜਾਂ ਦੇ ਆਗੂ ਅੱਗੇ ਵਧਾ ਰਹੇ ਹਨ। ਪੱਤਰ ਵਿਚ ਸੋਰੇਨ ਨੇ ਇਹ ਵੀ ਕਿਹਾਉਲਗੁਲਾਨ ਦਾ ਮਤਲਬ ਹੀ ਹੈ ਕਿ ਹੁਣ ਹੋਰ ਨਹੀਂ ਚੱਲੇਗੀ ਠੱਗਾਂ ਦੀ ਸਰਕਾਰ।
ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੇ ਕੇਂਦਰੀ ਏਜੰਸੀਆਂ ਨੂੰ ਪਾਰਟੀ ਦਾ ਏਜੰਟ ਬਣਾ ਲਿਆ ਹੈ।
ਰਾਜਦ ਦੇ ਆਗੂ ਤੇਜਸਵੀ ਯਾਦਵ ਨੇ ਕਿਹਾਮੋਦੀ ਇੰਡੀਆ ਗੱਠਜੋੜ ਤੋਂ ਡਰੇ ਹੋਏ ਹਨ। ਭਾਜਪਾ ਵਾਲੇ 400 ਪਾਰ ਦਾ ਨਾਅਰਾ ਲਾ ਰਹੇ ਹਨ, ਪਰ ਉਨ੍ਹਾਂ ਦੀ ‘400 ਪਾਰ’ ਫਿਲਮ ਪਹਿਲੇ ਦਿਨ ਹੀ ਫਲਾਪ ਹੋ ਗਈ ਹੈ। ਸੰਵਿਧਾਨ ਬਦਲਣ ਦੀਆਂ ਗੱਲਾਂ ਕਰਨ ਵਾਲੇ ਭਾਜਪਾਈਆਂ ਨੂੰ ਲੋਕ ਖਤਮ ਕਰ ਦੇਣਗੇ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਐੱਨ ਡੀ ਏ ਚੋਣਾਂ ਹਾਰ ਰਿਹਾ ਹੈ। ਸੋਰੇਨ ਤੇ ਕੇਜਰੀਵਾਲ ਨੂੰ ਜੇਲ੍ਹ ਵਿਚ ਡੱਕਣ ਦਾ ਮਤਲਬ ਹੀ ਇਹ ਹੈ। ਜਦੋਂ ਭਲਵਾਨ ਹਾਰਨ ਲੱਗਦਾ ਹੈ, ਤਦ ਕਈ ਤਰ੍ਹਾਂ ਦੇ ਹਥਕੰਡੇ ਵਰਤਦਾ ਹੈ। ਭਾਜਪਾ ਇਹ ਨਾ ਭੁੱਲੇ ਕਿ ਸ਼ੇਰ ਨੂੰ ਗਿ੍ਰਫਤਾਰ ਕੀਤਾ ਹੈ, ਪਰ ਉਸ ਦੀ ਦਹਾੜ ਨੂੰ ਗਿ੍ਰਫਤਾਰ ਨਹੀਂ ਕਰ ਪਾਈ।
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾਮੈਂ ਮੁਸਲਮਾਨ ਹਾਂ, ਪਰ ਚੀਨੀ ਜਾਂ ਪਾਕਿਸਤਾਨੀ ਮੁਸਲਮਾਨ ਨਹੀਂ, ਹਿੰਦੁਸਤਾਨੀ ਮੁਸਲਮਾਨ ਹਾਂ। ਅੱਗੇ ਵਧਣ ਲਈ ਸਭ ਨੂੰ ਮਿਲਜੁਲ ਕੇ ਚੱਲਣਾ ਪਵੇਗਾ। ਰਾਮ ਸਭ ਦੇ ਹਨ, ਕਿਸੇ ਖਾਸ ਦੇ ਨਹੀਂ।
ਮਾਕਪਾ (ਮਾਲੇ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਲੋਕ ਆਪੋਜ਼ੀਸ਼ਨ ਮੁਕਤ ਲੋਕਤੰਤਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦੇਣਗੇ। ਇਹ ਚੋਣਾਂ ਸੰਵਿਧਾਨ ਬਚਾਉਣ ਲਈ ਹਨ। ਮੋਦੀ ਕਹਿ ਰਹੇ ਹਨ ਕਿ 10 ਸਾਲਾਂ ਵਿਚ ਜੋ ਹੋਇਆ, ਉਹ ਟ੍ਰੇਲਰ ਹੈ, ਅਸਲੀ ਪਿਕਚਰ ਬਾਕੀ ਹੈ। ਅਸਲੀ ਪਿਕਚਰ ਸੰਵਿਧਾਨ ਖਤਮ ਕਰਨ ਦੀ ਹੈ।
ਤਿ੍ਰਣਮੂਲ ਕਾਂਗਰਸ ਦੇ ਵਿਵੇਕ ਗੁਪਤਾ ਨੇ ਕਿਹਾ ਕਿ ਮੋਦੀ ਸਰਕਾਰ ਖਾਣ-ਪੀਣ ਦੀ ਆਜ਼ਾਦੀ ’ਤੇ ਰੋਕ ਲਾਉਣੀ ਚਾਹੁੰਦੀ ਹੈ।
ਸੀਨੀਅਰ ਕਾਂਗਰਸ ਆਗੂ ਤੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੇ ਕਿਹਾ ਕਿ ਉਨ੍ਹਾ ਨੂੰ ਪੂਰਾ ਵਿਸ਼ਵਾਸ ਹੈ ਕਿ ਰਾਂਚੀ ਵਿਚ ਸ਼ੁਰੂ ਹੋਇਆ ਉਲਗੁਲਾਨ ਪੂਰੇ ਦੇਸ਼ ਵਿਚ ਫੈਲੇਗਾ ਤੇ ਚਾਰ ਜੂਨ ਦੇ ਨਤੀਜਿਆਂ ’ਚ ਇਸ ਦਾ ਅਸਰ ਦਿਸੇਗਾ।