ਨਿਊ ਯਾਰਕ : ਫਲਸਤੀਨੀ ਫੋਟੋਗ੍ਰਫ਼ਾਰ ਮੁਹੰਮਦ ਸਲੀਮ ਦੀ ਇੱਕ ਤਸਵੀਰ ਨੂੰ ਵਰਲਡ ਪ੍ਰੈੱਸ ਫੋਟੋ 2024 ਦੇ ਮੁਕਾਬਲੇ ’ਚ ‘ਫੋਟੋ ਆਫ਼ ਦਿ ਈਅਰ’ ਚੁਣਿਆ ਗਿਆ ਹੈ। ਇਸ ਮੁਕਾਬਲੇ ’ਚ 130 ਦੇਸ਼ਾਂ ਦੇ ਕਰੀਬ 4 ਹਜ਼ਾਰ ਫੋਟੋਗ੍ਰਾਫ਼ਰਾਂ ਨੇ 61 ਹਜ਼ਾਰ ਤਸਵੀਰਾਂ ਭੇਜੀਆਂ ਸਨ, ਜਿਨ੍ਹਾਂ ’ਚੋਂ ਮੁਹੰਮਦ ਸਲੀਮ ਦੀ ਤਸਵੀਰ ਨੂੰ ਵਰਲਡ ਪ੍ਰੈੱਸ ਫੋਟੋ ਆਰਗੇਨਾਈਜ਼ੇਸ਼ਨ ਨੇ ਸਨਮਾਨ ਲਈ ਚੁਣਿਆ ਹੈ। ਸਲੀਮ ਦੀ ਇਸ ਤਸਵੀਰ ’ਚ ਇੱਕ ਔਰਤ ਨੇ ਕਫ਼ਨ ’ਚ ਲਪੇਟੀ ਇੱਕ ਬੱਚੀ ਨੂੰ ਹੱਥਾਂ ’ਚ ਫੜਿਆ ਹੋਇਆ ਹੈ। ਉਸ ਸਮੇਂ ਗਜ਼ਾ ਪੱਟੀ ’ਤੇ ਇਜ਼ਰਾਈਲੀ ਹਮਲੇ ਸ਼ੁਰੂ ਹੋ ਗਏ ਸਨ। ਇਹ ਘਟਨਾ ਖਾਨ ਯੂਨਿਸ ਦੀ ਹੈ, ਜਿੱਥੇ ਕਈ ਫਲਸਤੀਨੀ ਪਰਵਾਰ ਗਾਜ਼ਾ ਪੱਟੀ ’ਚ ਇਜ਼ਰਾਈਲੀ ਬੰਬਾਰੀ ਤੋਂ ਬਚਣ ਲਈ ਬਚਣ ਲਈ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਮੁਹੰਮਦ ਸਲੀਮ ਨੇ ਦੇਖਿਆ ਕਿ ਉਥੇ ਇਨਸ ਅਬੂ ਮਮਾਰ ਕਫ਼ਨ ’ਚ ਲਿਪਟੀ ਇੱਕ ਮਿ੍ਰਤਕ ਬੱਚੀ ਨੂੰ ਹੱਥਾਂ ’ਚ ਫੜ ਕੇ ਰੋ ਰਹੀ ਹੈ। ਇਹ ਉਸ ਦੀ ਪੰਜ ਸਾਲ ਦੀ ਭਤੀਜੀ ਸੀ, ਜਿਸ ਦੇ ਖਾਨ ਯੂਨਿਸ ਸਥਿਤ ਘਰ ’ਤੇ ਇਜ਼ਰਾਈਲੀ ਬੰਬਾਰੀ ਹੋਈ ਸੀ। ਇਸ ਤੋਂ ਬਾਅਦ ਤੁਰੰਤ ਬਾਅਦ ਇਨਸ ਆਪਣੇ ਰਿਸ਼ਤੇਦਾਰਾਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੀ। ਇਸ ਹਮਲੇ ’ਚ ਬੱਚੀ ਦੀ ਮਾਂ ਅਤੇ ਪਰਵਾਰ ਦੇ ਦੋ ਹੋਰ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਇਨਸ ਹਸਪਤਾਲ ਦੇ ਮੁਰਦਾਘਰ ਵੱਲ ਗਈ, ਜਿੱਥੇ ਉਸ ਨੂੰ ਆਪਣੀ ਭਤੀਜੀ ਦਾ ਮਿ੍ਰਤਕ ਸਰੀਰ ਮਿਲਿਆ। ਉਸ ਸਮੇਂ ਉਸ ਨੇ ਉਥੇ ਮੌਜੂਦ ਪੱਤਰਕਾਰਾਂ ਨੂੰ ਦੱਸਿਆ, ‘ਜਦ ਮੈਂ ਬੱਚੀ ਨੂੰ ਦੇਖਿਆ ਅਤੇ ਉਸ ਨੂੰ ਹੱਥਾਂ ’ਚ ਲਿਆ ਤਾਂ ਮੈਂ ਬੇਹੋਸ਼ ਹੋ ਗਈ।’
ਫੋਟੋਗ੍ਰਫ਼ਾਰ ਮੁਹੰਮਦ ਸਲੀਮ ਨੇ ਕਿਹਾ, ‘ਉਹ ਇੱਕ ਪ੍ਰਭਾਵਸ਼ਾਲੀ ਅਤੇ ਦੁਖਦਾਈ ਪਲ ਸੀ, ਜੋ ਗਾਜ਼ਾ ਪੱਟੀ ਦੀ ਦਰਦਨਾਕ ਕਹਾਣੀ ਨੂੰ ਬਿਆਨ ਕਰਦਾ ਹੈ।’ ਸਲੀਮ ਨੇ ਕਿਹਾ ਕਿ ਇਹ ਸਮਾਂ ਉਸ ਲਈ ਵੀ ਬਹੁਤ ਸੰਵੇਦਨਸ਼ੀਲ ਸੀ, ਕਿਉਂਕਿ ਉਸ ਦੀ ਪਤਨੀ ਨੇ ਕੁਝ ਦਿਨ ਪਹਿਲਾ ਹੀ ਇੱਕ ਬੱਚੇ ਨੂੰ ਜਨਮ ਦਿੱਤਾ ਸੀ। 1985 ’ਚ ਜਨਮੇ ਮੁਹੰਮਦ ਸਲੀਮ ਇੱਕ ਫਲਸਤੀਨੀ ਫੋਟੋਗ੍ਰਾਫ਼ਰ ਹਨ, ਜੋ ਗਾਜ਼ਾ ਪੱਟੀ ’ਚ ਰਹਿ ਰਹੇ ਹਨ। ਉਨ੍ਹਾ ਗਾਜ਼ਾ ਯੂਨੀਵਰਸਿਟੀ ਤੋਂ ਮੀਡੀਆ ਦੀ ਪੜ੍ਹਾਈ ਕੀਤੀ ਹੈ।