25 C
Jalandhar
Sunday, September 8, 2024
spot_img

ਨੌਜਵਾਨ ਪੀੜ੍ਹੀ ਨੂੰ ਲੈਨਿਨ ਦੇ ਜੀਵਨ ਫਲਸਫੇ ਤੋਂ ਪ੍ਰੇਰਨਾ ਲੈਣੀ ਚਾਹੀਦੀ : ਜਗਰੂਪ

ਮੋਗਾ (ਇਕਬਾਲ ਸਿੰਘ ਖਹਿਰਾ)
ਰੂਸ ਦੇ ਮਹਾਨ ਕ੍ਰਾਂਤੀਕਾਰੀ ਅਤੇ ਦੁਨੀਆ ਦੇ ਕਿਰਤ ਜਮਾਤ ਦੇ ਮਹਾਨ ਅਧਿਆਪਕ ਵੀ ਆਈ ਲੈਨਿਨ ਦੇ ਜਨਮ ਦਿਨ ਮੌਕੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਬਨੇਗਾ ਵਲੰਟੀਅਰ ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕੀਤੀ ਗਈ।ਇਸ ਬਨੇਗਾ ਵਲੰਟੀਅਰ ਸੰਮੇਲਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ, ਸੂਬਾ ਆਗੂ ਕਰਮਵੀਰ ਕੌਰ ਬਧਨੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ, ਸੂਬਾ ਸਕੱਤਰ ਪਿ੍ਰਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਸਮਾਗਮ ਵਿੱਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਅਤੇ ਉੱਘੇ ਪੰਜਾਬੀ ਲੇਖਕ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਸਮਾਗਮ ਦਾ ਉਦਘਾਟਨ ਕਰਨ ਵੇਲੇ ਸੁਖਦੇਵ ਸਿੰਘ ਸਿਰਸਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਰੂਸ ਦੇ ਮਹਾਨ ਇਨਕਲਾਬੀ ਵੀ ਆਈ ਲੈਨਿਨ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ ਇਹ ਸਮਾਗਮ ਬਹੁਤ ਹੀ ਮਹੱਤਵਪੂਰਨ ਅਤੇ ਸ਼ਲਾਘਾਯੋਗ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਨੌਜਵਾਨ ਪੀੜ੍ਹੀ ਮਹਾਨ ਇਨਕਲਾਬੀ ਲੈਨਿਨ ਦੀ ਵਿਚਾਰਧਾਰਾ ਦੀ ਧਾਰਨੀ ਹੈ ਅਤੇ ਉਹਦੀ ਵਿਚਾਰਧਾਰਾ ’ਤੇ ਚੱਲ ਕੇ ਆਪਣੀਆਂ ਮੁਸ਼ਕਲਾਂ ਦੀ ਬੰਦਖਲਾਸੀ ਲਈ ਉਪਰਾਲੇ ਅਤੇ ਸੰਘਰਸ਼ ਕਰ ਰਹੀ ਹੈ। ਉਨ੍ਹਾ ਇਸ ਸਮਾਗਮ ਮੌਕੇ ਨੌਜਵਾਨ ਪੀੜ੍ਹੀ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਜੇਕਰ ਉਹ ਮਹਾਨ ਲੈਨਿਨ, ਕਾਰਲ ਮਾਰਕਸ, ਪਰਮਗੁਣੀ ਭਗਤ ਸਿੰਘ ਅਤੇ ਦੁਨੀਆ ਦੇ ਮਹਾਨ ਇਨਕਲਾਬੀਆਂ ਦੀ ਵਿਚਾਰਧਾਰਾ ’ਤੇ ਚੱਲ ਕੇ ਆਪਣਾ ਸੰਘਰਸ਼ ਜਾਰੀ ਰੱਖਣਗੇ ਤਾਂ ਜਿੱਤ ਯਕੀਨੀ ਹੈ।
ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ, ਜਿਸ ਨੇ ਇੱਕ ਪਾਸੇ ਮਨੁੱਖ ਨੂੰ ਆਧੁਨਿਕ ਸਹੂਲਤਾਂ ਦੇ ਕੇ ਸੁਖਾਲਾ ਕੀਤਾ ਹੈ, ਪਰ ਦੂਜੇ ਪਾਸੇ ਇਸ ਬਣਾਵਟੀ ਬੁੱਧੀ ਦੀ ਵਰਤੋ ਦੇ ਚਲਣ ਨੇ ਦੁਨੀਆ ਦੇ ਵੱਡੇ ਵੱਡੇ ਦੇਸ਼ਾਂ ਦੀ ਵਿਕਾਸ ਦਰ ਨੂੰ ਜ਼ੀਰੋ ਦੇ ਬਰਾਬਰ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ 60 ਫੀਸਦੀ ਤੋਂ ਵੱਧ ਲੋਕਾਂ ਦਾ ਰੁਜ਼ਗਾਰ ਖੁਸਣ ਦਾ ਵੀ ਖਦਸ਼ਾ ਪੈਦਾ ਹੋ ਗਿਆ ਹੈ। ਉਹਨਾ ਕਿਹਾ ਕਿ ਜਦੋਂ ਉਕਤ ਤਕਨੀਕ ਦੀ ਵਰਤੋ ਨਾਲ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ ਤਾਂ ਦੂਜੇ ਪਾਸੇ ਦੇਸ਼ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਫਿਰ ਰਹੇ ਨੌਜਵਾਨ ਮੁੰਡੇ, ਕੁੜੀਆਂ, ਔਰਤਾਂ-ਮਰਦਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਸ ਕਰਕੇ ਪਾਰਦਰਸ਼ਤਾ ਨਾਲ ਲਾਗੂ ਕੀਤਾ ਜਾਵੇ। ਉਹਨਾ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਮਾਨੇ ਵਿੱਚ ਨਵਾਂ ਰੁਜ਼ਗਾਰ ਪੈਦਾ ਕਰਨ ਲਈ ਕੰਮ ਕਰਨ ਦੀ ਕਾਨੂੰਨੀ ਸੀਮਾ ਅੱਠ ਘੰਟੇ ਤੋਂ ਘਟਾ ਕੇ ਛੇ ਘੰਟੇ ਕੀਤੀ ਜਾਵੇ, ਜਿਸ ਨਾਲ 33 ਫੀਸਦੀ ਨਵਾਂ ਰੁਜ਼ਗਾਰ ਪੈਦਾ ਹੋਵੇਗਾ ਅਤੇ ਦੇਸ਼ ਦੀ ਬੇਰੁਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ। ਉਹਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਅੱਜ ਮਹਾਨ ਲੈਨਿਨ ਦੇ ਜਨਮ ਦਿਨ ’ਤੇ ਇਸ ਗੱਲ ਦਾ ਪ੍ਰਾਣ ਕਰਨ ਕੇ ਉਹ ਬਨੇਗਾ ਕਾਨੂੰਨ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਬਤੌਰ ਵਲੰਟੀਅਰ ਪੇਸ਼ ਕਰਕੇ ਜਵਾਨੀ ਨੂੰ ਜਾਗਰੂਕ ਕਰਨਗੇ।
ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂ ਵਾਲਾ, ਸੂਬਾ ਸਕੱਤਰ ਪਿ੍ਰਤਪਾਲ ਸਿੰਘ ਅਤੇ ਸੁਖਵਿੰਦਰ ਮਲੌਦ ਨੇ ਕਿਹਾ ਕਿ ਲੈਨਿਨ ਮਹਾਨ ਦਾ ਜੀਵਨ ਅਤੇ ਸੰਘਰਸ਼ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਸ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਚਾਹੀਦਾ ਹੈ।
ਉਹਨਾ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਸ਼ੁਰੂ ਕੀਤੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਹ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਬਣਾ ਕੇ ਪੂਰੇ ਦੇਸ਼ ਵਿੱਚ ਲਾਗੂ ਨਹੀਂ ਕੀਤਾ ਜਾਂਦਾ।
ਇਸ ਬਨੇਗਾ ਵਲੰਟੀਅਰ ਸੰਮੇਲਨ ਉਪਰੰਤ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਬਨੇਗਾ ਵਲੰਟੀਅਰ ਮਾਰਚ ਕਰਕੇ ਸ਼ਹਿਰ ਨਿਵਾਸੀਆਂ ਤੇ ਆਮ ਲੋਕਾਂ ਨੂੰ ਬਨੇਗਾ ਪ੍ਰਤੀ ਜਾਗਰੂਕ ਕੀਤਾ ਗਿਆ। ਸਮਾਗਮ ਦੌਰਾਨ ਸਮਾਗਮ ਹਾਲ ਵਿੱਚ ਲਗਾਈ ਗਈ ਆਕਰਸ਼ਕ ਪ੍ਰਦਰਸ਼ਨੀ ਨੇ ਹਾਜ਼ਰੀਨ ਨੌਜਵਾਨਾਂ, ਵਿਦਿਆਰਥੀਆਂ ਅਤੇ ਵਲੰਟੀਅਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਪ੍ਰਭਾਵਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਪਟਿਆਲਾ, ਗੁਰਜੀਤ ਕੌਰ ਸਰਦੂਲਗੜ੍ਹ, ਕੋਮਲ, ਗੁਰਦਿੱਤ ਸਿੰਘ ਦੀਨਾ, ਜਸਪ੍ਰੀਤ ਬੱਧਨੀ, ਗੁਰਜੰਟ ਸਿੰਘ, ਮੁਲਾਜ਼ਮ ਆਗੂ ਜਗਦੀਸ਼ ਸਿੰਘ ਚਾਹਲ, ਡਾਕਟਰ ਇੰਦਰਵੀਰ ਗਿੱਲ, ਕੁਲਦੀਪ ਭੋਲਾ, ਸਵਰਾਜ ਖੋਸਾ, ਮਾਸਟਰ ਸਰਦੂਲ ਰਾਜਸਥਾਨ, ਗੁਰਵਿੰਦਰ ਮੁਕਤਸਰ, ਰਮਨਜੀਤ ਕੌਰ, ਜੱਸ ਚੜਿੱਕ, ਅੰਮਿ੍ਰਤਪਾਲ ਕੌਰ ਕਾਠਗੜ੍ਹ ਤੇ ਨਰਿੰਦਰ ਢਾਬਾਂ ਆਦਿ ਨੇ ਵੀ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles