ਖਡੂਰ ਸਾਹਿਬਸੀ ਪੀ ਆਈ ਤੇ ਸੀ ਪੀ ਆਈ (ਐੱਮ) ਦੇ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਗੁਰਦਿਆਲ ਸਿੰਘ ਦੇ ਹੱਕ ਵਿੱਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਬੁੱਧਵਾਰ ਖਡੂਰ ਸਾਹਿਬ, ਜੋ ਗੁਰੂ ਅੰਗਦ ਦੇਵ ਜੀ ਦੀ ਧਰਤੀ ਕਰਕੇ ਜਾਣੀ ਜਾਂਦੀ ਹੈ, ਖਡੂਰ ਵਿਖੇ ਸੀ ਪੀ ਆਈ ਨੇ ਆਪਣੇ ਹਮਾਇਤੀਆਂ ਦੀ ਮੀਟਿੰਗ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ ਤੇ ਕੁਲਵੰਤ ਖਡੂਰ ਸਾਹਿਬ ਦੀ ਪ੍ਰਧਾਨਗੀ ਹੇਠ ਕੀਤੀ। ਸੰਬੋਧਨ ਦੌਰਾਨ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਭਾਜਪਾ, ਕਾਂਗਰਸ, ਅਕਾਲੀ ਤੇ ਆਪ ਦੇ ਉਮੀਦਵਾਰਾਂ ਨੂੰ ਹਰਾਉਣਾ ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਪਾਰਟੀਆਂ ਨੇ ਗਰੀਬ, ਮੱਧਵਰਗੀ ਤੇ ਕਿਸਾਨਾਂ ਦਾ ਖੂਨ ਚੂਸਿਆ ਹੈ। ਇਨ੍ਹਾਂ ਪਾਰਟੀਆਂ ਨੇ ਘੁੱਗ ਵੱਸਦੇ ਪੰਜਾਬ ਨੂੰ ਉਜਾੜ ਦਿੱਤਾ ਹੈ, ਜਿਸ ਕਰਕੇ ਜਵਾਨੀ ਵਿਦੇਸ਼ਾਂ ਵਿੱਚ ਧੱਕੇ ਖਾਣ ਲਈ ਮਜਬੂਰ ਹੈ। ਇਸ ਲਈ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਉਣੀ ਖੂਹ ਵਿੱਚ ਸੁੱਟਣ ਦੇ ਬਰਾਬਰ ਹੈ। ਇਸ ਸਮਾਜ ਨੂੰ ਮੁੜ ਤੰਦਰੁਸਤ ਤੇ ਖੁਸ਼ਹਾਲ ਬਣਾਉਣ ਵਾਸਤੇ ਗੁਰਦਿਆਲ ਸਿੰਘ ਦੇ ਚੋਣ ਨਿਸ਼ਾਨ ਦਾਤਰੀ ਸਿੱਟੇ ਨੂੰ ਵੋਟ ਪਾਵੋ। ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਲੋਕਾਂ ਦਾ ਸੇਵਕ ਹਾਂ ਤੇ ਜਿੱਤਣ ਤੋਂ ਬਾਅਦ ਵੀ ਪਾਰਲੀਮੈਂਟ ਵਿੱਚ ਲੋਕਾਂ ਦੇ ਹੱਕ-ਹਕੂਕ ਬਹਾਲ ਕਰਨ ਦੇ ਮੁੱਦੇ ਉਠਾਉਦਾ ਰਹਾਂਗਾ। ਸਭ ਤੋਂ ਵੱਡਾ ਤੇ ਅਹਿਮ ਮੁੱਦਾ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇਣ ਦਾ, ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ, ਗਰੀਬਾਂ, ਬੇਸਹਾਰਾ, ਅੰਗਹੀਣ ਤੇ ਬੁਢਾਪਾ ਪੈਨਸ਼ਨਾਂ ਅਤੇ ਨਰੇਗਾ ਕਾਨੂੰਨ ਅਧੀਨ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ 1000 ਰੁਪਏ ਕਰਨ ਦਾ ਹੈ, ਇਹ ਮੁੱਦੇ ਹੱਲ ਕੀਤੇ ਜਾਣਗੇ। ਇਸ ਲਈ ਮੇਰੀ ਪੁਰਜ਼ੋਰ ਅਪੀਲ ਹੈ ਕਿ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਬਣਾਓ।
ਇਸ ਮੌਕੇ ਬਲਜੀਤ ਸਿੰਘ ਫਤਿਆਬਾਦ, ਗੁਰਚਰਨ ਸਿੰਘ ਕੰਡਾ, ਜਗਤਾਰ ਸਿੰਘ ਜੱਗਾ, ਘੁੱਕ ਸਿੰਘ ਵੇਈਂਪੂਈਂ, ਦਲਬੀਰ ਸਿੰਘ ਕੈਰੋਂ, ਜਸਵੰਤ ਸਿੰਘ, ਗੁਰਦੀਪ ਸਿੰਘ ਸੋਨੀ ਖਡੂਰ ਸਾਹਿਬ ਤੇ ਜਗੀਰ ਸਿੰਘ ਭਰੋਵਾਲ ਨੇ ਵੀ ਸੰਬੋਧਨ ਕੀਤਾ।