ਇਸ ਸਮੇਂ ਚੋਣਾਂ ਦੀ ਗਰਮੀ 45 ਡਿਗਰੀ ਨੂੰ ਪਾਰ ਕਰ ਚੁੱਕੀ ਹੈ। ਦੋਹਾਂ ਮੁੱਖ ਧਿਰਾਂ, ਐੱਨ ਡੀ ਏ ਤੇ ਇੰਡੀਆ ਦੇ ਨੀਤੀਘਾੜੇ ਨਿੱਤ ਨਵੀਂਆਂ ਜੁਗਤਾਂ ਲੜਾ ਰਹੇ ਹਨ। ਚੋਣ ਨੀਤੀ ਘੜਨ ਵਿੱਚ ਭਾਜਪਾ ਦਾ ਚਾਣਕਿਆ ਕਹੇ ਜਾਣ ਵਾਲੇ ਅਮਿਤ ਸ਼ਾਹ ਦੀ ਹਮੇਸ਼ਾ ਝੰਡੀ ਰਹੀ ਹੈ। ਉਹ ਨਫ਼ਰਤ ਦਾ ਵਪਾਰੀ ਹੈ। ਉਸ ਬਾਰੇ ਧਾਰਨਾ ਹੈ ਕਿ ਉਹ ਜਿੱਥੋਂ ਦੀ ਲੰਘ ਜਾਵੇ, ਧਰਤੀ ‘ਲਾਲੋ-ਲਾਲ ਤੇ ਲੱਥਪੱਥ’ ਹੋ ਜਾਂਦੀ ਹੈ। ਹਾਲੀਆ ਚੋਣਾਂ ਵਿੱਚ ਚਾਣਕਿਆ ਦੀਆਂ ਸਭ ਚਾਲਾਂ ਮਾਤ ਖਾ ਰਹੀਆਂ ਹਨ। ਉਸ ਦਾ ਹਰ ਦਾਅ ਪੁੱਠਾ ਪੈ ਰਿਹਾ ਹੈ। 400 ਪਾਰ ਦਾ ਨਾਅਰਾ ਠੁੱਸ ਹੋ ਚੁੱਕਾ ਹੈ। ਮੰਗਲ ਸੂਤਰ ਦੋ ਦਿਨਾਂ ਵਿੱਚ ਗੁੰਮ ਹੋ ਗਿਆ ਹੈ। ਮੁਸਲਮਾਨ ਗਾਲ੍ਹਾਂ ਖਾ ਕੇ ਵੀ ਤੈਸ਼ ਵਿੱਚ ਨਹੀਂ ਆ ਰਹੇ। ਹਿੰਦੂਤਵੀ ਭਗਤ ਬੇਰੁਜ਼ਗਾਰ ਹੋ ਗਏ ਹਨ। ਜਦੋਂ ਅੱਗੋਂ ਕੋਈ ਪ੍ਰਤੀਕਿਰਿਆ ਹੀ ਨਹੀਂ ਹੋ ਰਹੀ ਤਾਂ ਵਿਚਾਰੇ ਕਰਨ ਤਾਂ ਕੀ ਕਰਨ। ਚਾਣਕਿਆ ਨੇ ਜਾਟ ਵੋਟ ਲੈਣ ਲਈ ਚੌਧਰੀ ਚਰਨ ਸਿੰਘ ਦੇ ਪੋਤੇ ਜੈਅੰਤ ਨੂੰ ਐੱਨ ਡੀ ਏ ਵਿੱਚ ਲਿਆਂਦਾ ਤੇ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦਿਵਾਇਆ ਸੀ। ਉਹ ਖੋਟਾ ਸਿੱਕਾ ਸਾਬਤ ਹੋਇਆ ਹੈ। ਨਿਤੀਸ਼ ਵਾਲਾ ਨਾਟਕ ਵੀ ਫਲਾਪ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੇ ਸੰਕਲਪ ਪੱਤਰ ਦੀ ਥਾਂ ਕਾਂਗਰਸ ਦੇ ਮੈਨੀਫੈਸਟੋ ਦਾ ਪਾਠ ਕਰੀ ਜਾ ਰਿਹਾ ਹੈ।
ਇਹ ਇਕ ਆਮ ਧਾਰਨਾ ਹੈ ਕਿ ਜੰਗ ਵਿੱਚ ਜਦੋਂ ਇੱਕ ਧਿਰ ਦੇ ਦਾਅਪੇਚ ਅਸਫਲ ਹੋਣੇ ਸ਼ੁਰੂ ਹੋ ਜਾਣ ਤਾਂ ਦੂਜੀ ਧਿਰ ਦੇ ਪੈਂਤੜੇ ਖੁਦ-ਬ-ਖੁਦ ਸਫ਼ਲ ਹੋਣ ਲੱਗ ਜਾਂਦੇ ਹਨ। ਇਹੋ ਹੀ ਹੋ ਰਿਹਾ ਹੈ। ‘ਇੰਡੀਆ’ ਗੱਠਜੋੜ ਨੇ ਵੀਰਵਾਰ ਇੱਕ ਹੈਰਾਨ ਕਰਨ ਵਾਲਾ ਪੈਂਤੜਾ ਲਿਆ। ਅਖਿਲੇਸ਼ ਯਾਦਵ ਨੇ ਆਪਣੀ ਪਤਨੀ ਡਿੰਪਲ ਯਾਦਵ ਦੀ ਥਾਂ ਕਨੌਜ ਤੋਂ ਕਾਗਜ਼ ਦਾਖ਼ਲ ਕਰ ਦਿੱਤੇ। ਅਗਲੇ ਦਿਨੀਂ ਰਾਹੁਲ ਗਾਂਧੀ ਅਮੇਠੀ ਤੋਂ ਤੇ ਪਿ੍ਰਅੰਕਾ ਗਾਂਧੀ ਰਾਏਬਰੇਲੀ ਤੋਂ ਕਾਗਜ਼ ਭਰ ਦੇਣਗੇ। ਆਮ ਪਾਠਕ ਸੋਚੇਗਾ ਕਿ ਇਸ ਨਾਲ ਫ਼ਰਕ ਕੀ ਪਵੇਗਾ। ਅਖਿਲੇਸ਼ ਨੇ 2019 ਵਿੱਚ ਵੀ ਆਜ਼ਮਗੜ੍ਹ ਤੋਂ ਚੋਣ ਲੜੀ ਸੀ। ਉਹ ਢਾਈ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਵੀ ਗਏ ਸਨ। ਬਾਅਦ ਵਿੱਚ ਉਨ੍ਹਾ ਸੂਬੇ ਵਿੱਚ ਸਰਗਰਮ ਹੋਣ ਲਈ ਸਾਂਸਦੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਤਾਂ ਉਹ ਲੜ ਵੀ ਉਸ ਸੀਟ ਤੋਂ ਰਹੇ ਹਨ, ਜਿਹੜੀ ਉਨ੍ਹਾ ਦੀ ਪਤਨੀ ਡਿੰਪਲ 2019 ਵਿੱਚ ਹਾਰ ਗਈ ਸੀ। ਪਿਛਲੀ ਵਾਰ ਅਮੇਠੀ ਤੋਂ ਰਾਹੁਲ ਗਾਂਧੀ ਤੇ ਰਾਏਬਰੇਲੀ ਤੋਂ ਸੋਨੀਆ ਗਾਂਧੀ ਚੋਣ ਲੜੇ ਸਨ। ਇਸ ਵਿੱਚ ਹੈਰਾਨ ਕਰਨ ਵਾਲੀ ਕਿਹੜੀ ਗੱਲ ਹੈ। ਅਸਲ ਗੱਲ ਇਹ ਹੈ ਕਿ 25 ਅਪ੍ਰੈਲ ਨੂੰ ਕਾਗਜ਼ ਦਾਖ਼ਲ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੇ ਅਖਿਲੇਸ਼ ਦੇ ਚਾਚੇ ਰਾਮ ਗੋਪਾਲ ਯਾਦਵ ਨੂੰ ਪੁੱਛ ਲਿਆ ਕਿ ਕੀ ਅਖਲੇਸ਼ ਕਨੌਜ ਤੋਂ ਚੋਣ ਲੜਨਗੇ। ਉਸ ਨੇ ਜਵਾਬ ਦਿੱਤਾ ਕਿ ਹਾਂ ਕਨੌਜ ਤੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਅਖਿਲੇਸ਼ ਯਾਦਵ ਚੋਣ ਲੜਨਗੇ। ਰਾਮ ਗੋਪਾਲ ਯਾਦਵ ਦੇ ਮੂੰਹੋਂ ਇਹ ਗੱਲ ਨਿਕਲਣ ਦੀ ਦੇਰ ਸੀ ਕਿ ਸੋਸ਼ਲ ਮੀਡੀਆ ਰਾਹੀਂ ਇਹ ਖ਼ਬਰ ਸਾਰੇ ਯੂ ਪੀ ਵਿੱਚ ਅੱਗ ਵਾਂਗ ਫੈਲ ਗਈ। ਸਮਾਜਵਾਦੀ ਵਰਕਰ ਇੱਕ-ਦੂਜੇ ਨੂੰ ਵਧਾਈਆਂ ਦੇਣ ਲੱਗ ਪਏ। ਯੂ ਪੀ ਦੇ ਯੂਟਿਊਬ ਚੈਨਲਾਂ ਨੇ ਆਪਣੇ ਡਿਜੀਟਲ ਪਰਦਿਆਂ ਨੂੰ ‘ਪ੍ਰਧਾਨ ਮੰਤਰੀ ਅਖਿਲੇਸ਼’ ਦੇ ਸ਼ਬਦਾਂ ਨਾਲ ਸ਼ਿੰਗਾਰ ਲਿਆ।
ਅਸਲ ਵਿੱਚ ਇਸ ਨਾਟਕ ਦੀ ਸ�ਿਪਟ 18 ਅਪ੍ਰੈਲ ਨੂੰ ਹੀ ਲਿਖ ਲਈ ਗਈ ਸੀ। ਉਸ ਦਿਨ ਗਾਜ਼ੀਆਬਾਦ ਵਿੱਚ ਅਖਿਲੇਸ਼ ਯਾਦਵ ਤੇ ਰਾਹੁਲ ਗਾਂਧੀ ਵਿਚਕਾਰ ਬੰਦ ਕਮਰਾ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਵਿਚਾਰ ਕੀਤੀ ਗਈ ਕਿ ਪਾਰਟੀਆਂ ਵਿੱਚ ਸਮਝੌਤਾ ਤਾਂ ਹੋ ਗਿਆ, ਪਰ ਸਭ ਤੋਂ ਔਖਾ ਕੰਮ ਇੱਕ ਪਾਰਟੀ ਦਾ ਵੋਟ ਦੂਜੇ ਵੱਲ ਟਰਾਂਸਫਰ ਕਰਨ ਦਾ ਹੈ। ਕਾਂਗਰਸ ਦਾ 6 ਫ਼ੀਸਦੀ ਵੋਟ ਤਾਂ ਪੁਰਾਣੇ ਪੱਕੇ ਕਾਂਗਰਸੀਆਂ ਦਾ ਹੈ, ਜੋ ਹੁਕਮ ਦੇ ਬੱਧੇ ਹਨ, ਪਰ ਸਮਾਜਵਾਦੀ ਪਾਰਟੀ ਦੇ ਯਾਦਵ ਵੋਟ ਬੈਂਕ ਨੂੰ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਖੜ੍ਹਾ ਕਰਨਾ ਵੱਡੀ ਸਮੱਸਿਆ ਹੈ। ਪਿਛਲਾ ਤਜਰਬਾ ਵੀ ਇਹੋ ਦੱਸਦਾ ਹੈ। 2019 ਵਿੱਚ ਬਸਪਾ ਤੇ ਸਪਾ ਦਾ ਸਮਝੌਤਾ ਸੀ। ਇਸ ਦੇ ਬਾਵਜੂਦ ਯਾਦਵ ਵੋਟ ਬਸਪਾ ਤੇ ਜਾਟਵ ਵੋਟ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਨਹੀਂ ਪਿਆ ਸੀ। ਦੋਵੇਂ ਪਾਰਟੀਆਂ ਨੇ ਜਿਹੜੀਆਂ 15 ਸੀਟਾਂ ਜਿੱਤੀਆਂ ਸਨ, ਉਹ ਮੁਸਲਿਮ ਭਾਈਚਾਰੇ ਦੀ ਬਹੁਗਿਣਤੀ ਵਾਲੀਆਂ ਸਨ, ਜਿਹੜਾ ਸਮਝੌਤੇ ਕਾਰਨ ਇੱਕ ਹੋ ਗਿਆ ਸੀ।
ਇਸ ਸਮੱਸਿਆ ਦੇ ਹੱਲ ਲਈ ਗਾਜ਼ੀਆਬਾਦ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਅਖਿਲੇਸ਼ ਯਾਦਵ ਕਨੌਜ ਤੋਂ ਚੋਣ ਲੜਨਗੇ ਤੇ ਸਪਾ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਹੋਣਗੇ। ਇਸ ਇੱਕੋ ਫੈਸਲੇ ਨੇ ਵੋਟ ਟਰਾਂਸਫਰ ਦੀ ਸਮੱਸਿਆ ਇੱਕੋ ਝਟਕੇ ਵਿੱਚ ਹੱਲ ਕਰ ਦਿੱਤੀ ਹੈ। ਹੁਣ ਸਮਾਜਵਾਦੀ ਪਾਰਟੀ ਦੇ ਵੋਟਰ ਨੇ ਜੇਕਰ ਅਖਿਲੇਸ਼ ਨੂੰ ਪ੍ਰਧਾਨ ਮੰਤਰੀ ਬਣਿਆ ਦੇਖਣਾ ਹੈ ਤਾਂ ਉਸ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਵੀ ਜਿਤਾਉਣ ਲਈ ਕੰਮ ਕਰਨਾ ਤੇ ਵੋਟਾਂ ਪਾਉਣੀਆਂ ਪੈਣਗੀਆਂ।
ਇਹ ਵੱਖਰਾ ਮਸਲਾ ਹੈ ਕਿ ਇੰਡੀਆ ਗੱਠਜੋੜ ਨੇ ਜਿੱਤ ਤੋਂ ਬਾਅਦ ਮੀਟਿੰਗ ਕਰਕੇ ਪ੍ਰਧਾਨ ਮੰਤਰੀ ਦਾ ਫੈਸਲਾ ਕਰਨਾ ਹੈ, ਪਰ ਇਸ ਇਕੋ ਦਾਅ ਨੇ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਹੈ। ਭਾਜਪਾ ਵਿੱਚ ਡਰ ਏਨਾ ਪਸਰ ਗਿਆ ਹੈ ਕਿ ਚਾਣਕਿਆ ਸਾਹਿਬ ਤੁਰੰਤ ਲਖਨਊ ਆ ਕੇ ਬੈਠ ਗਏ ਹਨ।
-ਚੰਦ ਫਤਿਹਪੁਰੀ