ਜੰਮੂ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਕਾਰਗਿਲ ਵਿਜੈ ਦਿਵਸ ਮੌਕੇ ਜੰਮੂ ‘ਚ ਸ਼ਹੀਦ ਪਰਵਾਰਾਂ ਨੂੰ ਸਨਮਾਨਤ ਕੀਤਾ | ਗੁਲਸ਼ਨ ਗਰਾਊਾਡ ‘ਚ ਹੋਏ ਪ੍ਰੋਗਰਾਮ ਵਿੱਚ ਉਨ੍ਹਾ ਕਾਰਗਿਲ ਯੁੱਧ ਦੇ ਸ਼ਹੀਦਾਂ ਬਾਰੇ ਕਿਹਾ ਕਿ ਭਾਰਤ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਭਾਰਤੀ ਫੌਜੀਆਂ ਅਤੇ ਸੁਰੱਖਿਆ ਬਲਾਂ ਨੇ ਜੋ ਬਲੀਦਾਨ ਦਿੱਤੇ ਹਨ, ਉਸ ਦੀ ਜਿੰਨੀ ਵੀ ਚਰਚਾ ਕੀਤੀ ਜਾਵੇ ਘੱਟ ਹੈ | ਉਨ੍ਹਾ ਕਿਹਾ ਕਿ ਮੈਂ ਬਲੀਦਾਨੀਆਂ ਦੇ ਮਾਤਾ-ਪਿਤਾ ਨੂੰ ਸਿਰ ਝੁਕਾ ਕੇ ਨਮਨ ਕਰਦਾ ਹਾਂ, ਜਿਨ੍ਹਾਂ ਨੇ ਬਹਾਦਰਾਂ ਨੂੰ ਜਨਮ ਦਿੱਤਾ | ਇਸ ਦੌਰਾਨ ਰਾਜਨਾਥ ਨੇ ਕਿਹਾ ਕਿ ਪੰਡਤ ਨਹਿਰੂ ਦੀ ਬਹੁਤ ਸਾਰੇ ਲੋਕ ਆਲੋਚਨਾ ਕਰਦੇ ਹਨ, ਮੈਂ ਇੱਕ ਵਿਸ਼ੇਸ਼ ਸਿਆਸੀ ਦਲ ਤੋਂ ਆਉਂਦਾ ਹਾਂ, ਪਰ ਮੈਂ ਪੰਡਤ ਨਹਿਰੂ ਜਾਂ ਕਿਸੇ ਹੋਰ ਭਾਰਤੀ ਪ੍ਰਧਾਨ ਮੰਤਰੀ ਦੀ ਆਲੋਚਨਾ ਨਹੀਂ ਕਰ ਸਕਦਾ | ਮੈਂ ਕਿਸੇ ਭਾਰਤੀ ਦੀ ਨੀਅਤ ਨੂੰ ਗਲਤ ਨਹੀਂ ਠਹਿਰਾ ਸਕਦਾ, ਉਨ੍ਹਾਂ ਦੀਆਂ ਨੀਤੀਆਂ ਚਾਹੇ ਗਲਤ ਰਹੀਆਂ ਹੋਣ, ਪਰ ਨੀਅਤ ਨਹੀਂ | ਉਨ੍ਹਾ ਕਿਹਾ ਏਨਾ ਤੈਅ ਹੈ ਕਿ 1962 ਦੇ ਯੁੱਧ ਦਾ ਵੱਡਾ ਖਮਿਆਜ਼ਾ ਭਾਰਤ ਨੂੰ ਭੁਗਤਣਾ ਪਿਆ | ਚੀਨ ਨੇ ਲੱਦਾਖ ‘ਚ ਸਾਡੇ ਖੇਤਰ ‘ਤੇ ਕਬਜ਼ਾ ਕਰ ਲਿਆ | ਉਸ ਸਮੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਸਨ | ਹਾਲਾਂਕਿ ਅੱਜ ਦਾ ਭਾਰਤ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ‘ਚੋਂ ਇੱਕ ਹੈ | ਉਨ੍ਹਾ ਇਸ ਮੌਕੇ ਬਿ੍ਗੇਡੀਅਰ ਉਸਮਾਨ ਅਤੇ ਮੇਜਰ ਸ਼ੈਤਾਨ ਸਿੰਘ ਦੀ ਬਹਾਦਰੀ ਨੂੰ ਵੀ ਯਾਦ ਕੀਤਾ |