ਨਵੀਂ ਦਿੱਲੀ : ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਮੰਕੀਪੌਕਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਲਬਯੂ ਐੱਚ ਓ) ਨੇ ਗਲੋਲਬ ਹੈੱਲਥ ਐਮਰਜੈਂਸੀ ਦਾ ਐਲਾਨ ਕੀਤਾ ਹੈ | ਡਲਬਯੂ ਐੱਚ ਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਐਡਨਾਮ ਘੇਬ੍ਰੇਅਸਸ ਨੇ ਕਿਹਾ ਕਿ ਮੰਕੀਪੌਕਸ ਦਾ ਪ੍ਰਕੋਪ ਅੰਤਰਰਾਸ਼ਟਰੀ ਪੱਧਰ ‘ਤੇ ਫੈਲਣਾ ਚਿੰਤਾ ਵਾਲਾ ਵਿਸ਼ਾ ਹੈ | ਡਾ. ਟੇਡਰੋਸ ਨੇ ਕਿਹਾ ਕਿ ਫਿਲਹਾਲ ਮੰਕੀਪੌਕਸ ਦਾ ਇਹ ਪ੍ਰਕੋਪ ਉਨ੍ਹਾਂ ਮਰਦਾਂ ‘ਤੇ ਕੇਂਦਰਤ ਹੈ, ਜਿਹੜੇ ਮਰਦ ਮਰਦਾਂ ਨਾਲ ਹੀ ਸੰਬੰਧ ਰੱਖਦੇ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਨਾਲ, ਜਿਨ੍ਹਾਂ ਦਾ ਕੋਈ ਜਿਨਸੀ ਸਾਥੀ ਹੈ | ਉਨ੍ਹਾ ਕਿਹਾ ਕਿ ਬਿਮਾਰੀ ਮਰੀਜ ਨਾਲ ਸਕਿਨ ਟੂ ਸਕਿਨ ਕੰਟੈਕਟ ਕਰਨ ਨਾਲ ਜਾਂ ਫਿਰ ਉਸ ਨੂੰ ਖਾਣਾ ਖਿਲਾਉਣ ਨਾਲ ਫੈਲਦਾ ਹੈ | ਇਸ ਤੋਂ ਇਲਾਵਾ ਪੀੜਤ ਵਿਅਕਤੀ ਦੇ ਕੱਪੜੇ, ਬਿਸਤਰ ਛੂਹਣ ਨਾਲ ਵੀ ਮੰਕੀਪੌਕਸ ਫੈਲ ਸਕਦਾ ਹੈ |
ਡਬਲਯੂ ਐੱਚ ਓ ਮੁਤਾਬਕ ਇਹ ਇੱਕ ਪ੍ਰਕੋਪ ਹੈ, ਜਿਸ ਨੂੰ ਸਹੀ ਰਣਨੀਤੀ ਨਾਲ ਰੋਕਿਆ ਜਾ ਸਕਦਾ ਹੈ | ਇਸ ਦੌਰਾਨ ਉਨ੍ਹਾ ਕਿਹਾ ਕਿ ਕਲੰਕ ਅਤੇ ਭੇਦਭਾਵ ਕਿਸੇ ਵੀ ਵਾਇਰਸ ਜਿੰਨਾ ਹੀ ਖ਼ਤਰਨਾਕ ਹੋ ਸਕਦਾ ਹੈ | ਇਸ ਲਈ ਮੈਂ ਸਮਾਜਕ ਸੰਗਠਨਾਂ ਨੂੰ ਅਪੀਲ ਕਰ ਰਿਹਾ ਹਾਂ, ਜਿਨ੍ਹਾਂ ਨੂੰ ਐੱਚ ਆਈ ਵੀ ਨਾਲ ਪੀੜਤ ਲੋਕਾਂ ਨਾਲ ਕੰਮ ਕਰਨ ਦਾ ਤਜਰਬਾ ਹੈ, ਉਹ ਇਸ ਮੰਕੀਪੌਕਸ ਦੇ ਪ੍ਰਕੋਪ ਨਾਲ ਲੜਨ ਲਈ ਸਾਡੇ ਨਾਲ ਕੰਮ ਕਰਨ |
ਡਬਲਯੂ ਐੱਚ ਓ ਦੀ ਸਾਊਥ-ਈਸਟ ਏਸ਼ੀਆ ਦੀ ਰਿਜਨਲ ਡਾਇਰੈਕਟਰ ਨੇ ਕਿਹਾ ਕਿ ਮੰਕੀਪੌਕਸ ਦੇ ਜ਼ਿਆਦਾ ਮਾਮਲੇ ਉਹ ਹਨ, ਜਿਨ੍ਹਾਂ ਮਰਦ ਨਾਲ ਮਰਦ ਸਰੀਰਕ ਸੰਬੰਧ ਬਣਾਏ | ਖੇਤਰੀ ਨਿਰਦੇਸ਼ਕ ਡਾ. ਪੂਨਕ ਖੇਤਰਪਾਲ ਸਿੰਘ ਨੇ ਕਿਹਾ ਕਿ ਮੰਕੀਪੌਕਸ ਤੇਜ਼ੀ ਨਾਲ ਉਨ੍ਹਾ ਦੇਸ਼ਾਂ ‘ਚ ਫੈਲ ਰਿਹਾ ਹੈ, ਜਿੱਥੇ ਇਸ ਤੋਂ ਪਹਿਲਾਂ ਕੋਈ ਵੀ ਕੇਸ ਨਹੀਂ ਮਿਲਿਆ ਸੀ | ਮਾਹਰਾਂ ਅਨੁਸਾਰ ਮੰਕੀਪੌਕਸ ਵਾਇਰਸ ਬਹੁਤ ਤੇਜ਼ੀ ਨਾਲ ਰੂਪ ਬਦਲਦਾ ਹੈ, ਪਰ ਇਸ ਸੰਕਰਮਣ ਦਾ ਇਲਾਜ ਹੋ ਸਕਦਾ ਹੈ | ਇਲਾਜ਼ ਲੱਛਣਾਂ ਦੇ ਨਾਲ ਬਦਲਦਾ ਰਹਿੰਦਾ ਹੈ | ਉਨ੍ਹਾ ਦੱਸਿਆ ਕਿ ਸੰਕਰਮਣ ਦੀ ਸ਼ੁਰੂਆਤ ਬੁਖਾਰ, ਸਿਰਦਰਦ ਅਤੇ ਫਲੂ ਨਾਲ ਹੁੰਦੀ ਹੈ | ਜਦੋਂ ਸੰਕਰਮਣ ਤੇਜ਼ ਹੁੰਦਾ ਹੈ, ਸਰੀਰ ‘ਤੇ ਲਾਲ ਧੱਬੇ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ‘ਚ ਚਿਕਨਪਾਕਸ ਵਰਗੀ ਖੁਜਲੀ ਹੋਣ ਲੱਗਦੀ ਹੈ | ਵਾਇਰਸ ਦੇ ਫੈਲਣ ਦਾ ਸਮਾਂ ਪੰਜ ਤੋਂ 21 ਦਿਨਾਂ ਤੱਕ ਹੁੰਦਾ ਹੈ | ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ 75 ਦੇਸ਼ਾਂ ‘ਚ ਇਸ ਦਾ ਪ੍ਰਸਾਰ ਹੋਣਾ ਇੱਕ ਅਸਾਧਾਰਨ ਹਾਲਤ ਹੈ | ਮਈ ਤੋਂ ਬਾਅਦ ਹੁਣ ਤੱਕ ਦੁਨੀਆ ਭਰ ‘ਚ ਮੰਕੀਪੌਕਸ ਦੇ 16 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ |