ਮੈਲਬਰਨ : ਆਸਟਰੇਲੀਆ ਦੇ ਕਈ ਸ਼ਹਿਰਾਂ ਤੇ ਕਸਬਿਆਂ ‘ਚ ਬੀਬੀਆਂ ਨੇ ਘਰੇਲੂ ਹਿੰਸਾ ਵਿਰੁੱਧ ਮੁਜ਼ਾਹਰੇ ਕੀਤੇ | ਮੁੱਖ ਸ਼ਹਿਰਾਂ ‘ਚ ਵੱਡੇ ਇਕੱਠ ਹੋਏ ਅਤੇ ਰਾਜਧਾਨੀ ਕੈਨਬਰਾ ‘ਚ ਮੁਜ਼ਾਹਰੇ ਨੂੰ ਸ਼ੁਰੂਆਤੀ ਵਿਰੋਧ ਮਗਰੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਵੀ ਸੰਬੋਧਨ ਕੀਤਾ | ਦੇਸ਼ ‘ਚ ਸਿਰਫ ਇਸ ਸਾਲ ਦੌਰਾਨ ਔਸਤ ਚਾਰ ਦਿਨਾਂ ਪਿੱਛੋਂ ਇੱਕ ਔਰਤ ਦਾ ਕਤਲ ਹੋਇਆ ਹੈ | ਔਰਤਾਂ ਵਿਰੁੱਧ ਹਿੰਸਾ ਨੂੰ ਤੁਰੰਤ ਰੋਕੇ ਜਾਣ ਲਈ ਮੁਜ਼ਾਹਰਾਕਾਰੀਆਂ ਨੇ ਦੇਸ਼ ਭਰ ‘ਚ ਰੱਖੀ ਸਾਂਝੀ ਮੰਗ ਦੌਰਾਨ ਹਿੰਸਾ ਦੀ ਇਸ ਸਥਿਤੀ ਨੂੰ ਕੌਮੀ ਆਫਤ ਐਲਾਨਣ ਦੀ ਮੰਗ ਰੱਖੀ, ਜਿਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੈਸ਼ਨਲ ਐਮਰਜੈਂਸੀ ਕੁਦਰਤੀ ਆਫਤਾਂ ਮੌਕੇ ਫੌਰੀ ਰਾਹਤ ਦੇਣ ਲਈ ਐਲਾਨੀ ਜਾਂਦੀ ਹੈ ਜਦਕਿ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸਮੇਂ-ਸਮੇਂ ‘ਤੇ ਲਗਾਤਾਰ ਕਾਰਗਰ ਕੰਮ ਕਰਨ ਦੀ ਲੋੜ ਹੈ | ਇਹ ਇੱਕ ਕੌਮੀ ਸੰਕਟ ਹੈ | ਉਨ੍ਹਾ ਕਿਹਾ ਕਿ ਇਸ ‘ਚ ਕੋਈ ਦੋ-ਰਾਇ ਨਹੀਂ ਕਿ ਸਰਕਾਰਾਂ ਨੂੰ ਹਰ ਪੱਧਰ ‘ਤੇ ਠੋਸ ਕੰਮ ਕਰਨ ਦੀ ਲੋੜ ਹੈ ਅਤੇ ਘਰੇਲੂ ਹਿੰਸਾ ‘ਚ ਸਿਰਫ ਔਰਤਾਂ ਨਹੀਂ, ਸਗੋਂ ਮਰਦਾਂ ਨੂੰ ਆਪਣੇ ਵਰਤਾਅ ‘ਚ ਬਦਲਾਅ ਲਿਆਉਣ ਦੀ ਵੀ ਲੋੜ ਹੈ | ਬੁੱਧਵਾਰ ਪ੍ਰਧਾਨ ਮੰਤਰੀ ਨੇ ਕੈਬਨਿਟ ਮੀਟਿੰਗ ਸੱਦ ਲਈ ਹੈ ਜਿਸ ‘ਚ ਮਰਦਾਂ ਵੱਲੋਂ ਔਰਤਾਂ ‘ਤੇ ਹਿੰਸਕ ਹਮਲਿਆਂ ਦੇ ਮਾਮਲਿਆਂ ਨੂੰ ਫੈਡਰਲ ਪੱਧਰ ‘ਤੇ ਰੋਕਣ ਲਈ ਜ਼ਰੂਰੀ ਤੇ ਤੁਰੰਤ ਅਮਲ ‘ਚ ਲਿਆਂਦੀਆਂ ਜਾਣ ਵਾਲੀਆਂ ਨੀਤੀਆਂ ਨੂੰ ਵਿਚਾਰਿਆ ਜਾਵੇਗਾ |
ਹਾਲਾਂਕਿ ਆਸਟਰੇਲੀਆ ਦੇ ਗਵਰਨਰ ਜਨਰਲ ਨੇ ਔਰਤਾਂ ਵਿਰੁੱਧ ਹਿੰਸਾ ‘ਚ ਕੌਮੀ ਕਮਿਸ਼ਨ ਬਿਠਾਉਣ ਤੋਂ ਨਾਂਹ ਕਰ ਦਿੱਤੀ ਹੈ | ਇਕ ਜਾਣਕਾਰੀ ਅਨੁਸਾਰ ਇਸ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਹੀ 27 ਔਰਤਾਂ ਕਤਲ ਹੋ ਚੁੱਕੀਆਂ ਹਨ |