ਅਹਿਮਦਾਬਾਦ : ਗੁਜਰਾਤ ਅਤੇ ਰਾਜਸਥਾਨ ‘ਚ ਨਸ਼ੀਲੇ ਪਦਾਰਥ ਬਣਾਉਣ ਵਾਲੀਆਂ ਚਾਰ ਇਕਾਈਆਂ ‘ਤੇ ਮਾਰੇ ਗਏ ਛਾਪਿਆਂ ਦੌਰਾਨ 230 ਕਰੋੜ ਰੁਪਏ ਕੀਮਤ ਦੀ ਮੈਫੇਡਰੋਨ ਜ਼ਬਤ ਕੀਤੀ ਗਈ ਹੈ | ਇਸ ਸੰਬੰਧ ਵਿੱਚ 13 ਲੋਕਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਅਹਿਮਦਾਬਾਦ ਨਿਵਾਸੀ ਮਨੋਹਰ ਲਾਲ ਐਨਾਨੀ ਅਤੇ ਰਾਜਸਥਾਨ ਦੇ ਕੁਲਦੀਪ ਸਿੰਘ ਰਾਜਪੁਰੋਹਿਤ ਨੇ ਮੈਫੇਡਰੋਨ ਬਣਾਉਣ ਵਾਲੀਆਂ ਇਕਾਈਆਂ ਸਥਾਪਤ ਕੀਤੀਆਂ ਹਨ, ਜਿਸ ਤੋਂ ਬਾਅਦ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ ਟੀ ਐੱਸ) ਅਤੇ ਨਾਰਕੋਟਿਕ ਕੰਟਰੋਲ ਬਿਊਰੋ ਨੇ ਸਾਂਝੇ ਤੌਰ ‘ਤੇ ਸ਼ੁੱਕਰਵਾਰ ਨੂੰ ਛਾਪੇ ਮਾਰੇ | ਐਨਾਨੀ ਅਤੇ ਰਾਜਪੁਰੋਹਿਤ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਗਈ, ਜਿਸ ਮਗਰੋਂ ਰਾਜਸਥਾਨ ਦੇ ਸਿਰੋਹੀ ਅਤੇ ਜੋਧਪੁਰ ‘ਚ ਸਥਿਤ ਇਕਾਈਆਂ ਅਤੇ ਗੁਜਰਾਤ ‘ਚ ਗਾਂਧੀਨਗਰ ਦੇ ਪਿਪਲਾਜ਼ ਪਿੰਡ ਅਤੇ ਅਮਰੇਲੀ ਜ਼ਿਲ੍ਹੇ ਦੇ ਭਕਤੀਨਗਰ ਉਦਯੋਗਿਕ ਖੇਤਰ ‘ਚ ਛਾਪੇ ਮਾਰੇ ਗਏ | ਏ ਟੀ ਐੱਸ ਨੇ 22.028 ਕਿੱਲੋ (ਠੋਸ) ਮੈਫੇਡਰੋਨ ਅਤੇ 124 ਕਿੱਲੋ ਤਰਲ ਮੈਫੇਡਰੋਨ ਬਰਾਮਦ ਕੀਤੀ, ਜਿਸ ਦੀ ਕੁੱਲ ਕੀਮਤ 230 ਕਰੋੜ ਰੁਪਏ ਹੈ |