ਜਲੰਧਰ (ਸ਼ੈਲੀ ਐਲਬਰਟ)
ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਪਾਸੋਂ 48 ਕਿਲੋ ਹੈਰੋਇਨ ਬਰਾਮਦ ਕਰਕੇ ਕੌਮਾਂਤਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਇਸ ਨੂੰ ਸ਼ਹਿਰ ਵਿੱਚ ਕਮਿਸ਼ਨਰੇਟ ਪੁਲਸ ਦੁਆਰਾ ਬਰਾਮਦ ਕੀਤੇ ਗਏ ਨਸ਼ਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਦੱਸਿਆ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਵੱਲੋਂ ਇੱਕ ਇਤਲਾਹ ’ਤੇ ਸ਼ਹਿਰ ਵਿੱਚ ਵਿਸ਼ੇਸ਼ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਵਾਈ-ਪੁਆਇੰਟ ਭਗਤ ਸਿੰਘ ਕਾਲੋਨੀ ਬਾਈਪਾਸ ਨੇੜੇ ਇੱਕ ਟੋਇਟਾ ਇਨੋਵਾ ਕਾਰ ਨੂੰ ਰੋਕਿਆ ਗਿਆ। ਡਰਾਈਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਕਾਰ ਨੂੰ ਰੋਕ ਲਿਆ ਅਤੇ ਗੱਡੀ ਦੀ ਤਲਾਸ਼ੀ ਲੈਣ ’ਤੇ ਗੱਡੀ ਦੇ ਅੰਦਰ ਇੱਕ ਥੈਲੇ ਵਿੱਚ 8 ਕਿਲੋ ਹੈਰੋਇਨ ਬਰਾਮਦ ਹੋਈ।
ਪੁਲਸ ਨੇ ਤੁਰੰਤ ਡਰਾਈਵਰ ਸਤਨਾਮ ਸਿੰਘ ਉਰਫ਼ ਬੱਬੀ ਵਾਸੀ ਪਿੰਡ ਢੰਡੀਆਂ ਥਾਣਾ ਬੰਗਾ ਜ਼ਿਲ੍ਹਾ ਨਵਾਂਸ਼ਹਿਰ, ਜੋ ਕਿ ਹੁਣ ਪ੍ਰਤਾਪ ਚੌਂਕ ਹੁਸ਼ਿਆਰਪੁਰ ਨੇੜੇ ਸੁਭਾਸ਼ ਨਗਰ ਵਿਖੇ ਕਿਰਾਏਦਾਰ ਸੀ, ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ, ਅਮਨ ਰੋਜ਼ੀ ਅਤੇ ਉਸ ਦੇ ਪਤੀ ਹਰਦੀਪ ਸਿੰਘ ਨਾਲ ਨਸ਼ੇ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ । ਪੁਲਸ ਨੇ ਨਕੋਦਰ-ਜਲੰਧਰ ਰੋਡ ਤੋਂ ਦੋਨਾਂ ਸ਼ੱਕੀਆਂ ਨੂੰ ਕਾਬੂ ਕਰ ਲਿਆ, ਜਿੱਥੋਂ ਉਨ੍ਹਾਂ ਪਾਸੋਂ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਕੁੱਲ 21 ਲੱਖ ਰੁਪਏ ਦੀ ਰਕਮ, ਟੋਇਟਾ ਇਨੋਵਾ ਸਮੇਤ ਤਿੰਨ ਗੱਡੀਆਂ, ਤੇ ਇੱਕ ਕੈਸ਼ ਕਾਊਂਟਿੰਗ ਮਸ਼ੀਨ ਬਰਾਮਦ ਕੀਤੀ ਗਈ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਹੋਰ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਸਤਨਾਮ ਸਿੰਘ ਦੀ 2017 ਵਿੱਚ ਪਹਿਲਾਂ ਵੀ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਸ਼ਮੂਲੀਅਤ ਸੀ, ਜਿਸ ਕਾਰਨ ਉਹ ਹੁਸ਼ਿਆਰਪੁਰ ਜੇਲ੍ਹ ਵਿੱਚ ਰਹਿੰਦੇ ਹੋਏ ਨਸ਼ਿਆਂ ਦੇ ਇੱਕ ਵੱਡੇ ਨੈੱਟਵਰਕ ਨਾਲ ਸੰਪਰਕ ਵਿੱਚ ਆਇਆ ਸੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਉਹ ਵੱਡੇ ਡਰੱਗ ਕਿੰਗਪਿਨ ਨਾਲ ਜੁੜਿਆ ਹੋਇਆ ਸੀ । 2023 ਵਿੱਚ ਸਤਨਾਮ ਦੇ ਪੁੱਤਰ ਮਨਜੀਤ ਸਿੰਘ ਨੂੰ ਜੰਮੂ ਵਿੱਚ ਇੱਕ ਡਰੱਗ ਕੇਸ ਦੇ ਸਬੰਧ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ, ਜਿਸ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ, ਪੈਸੇ, ਵਾਹਨ ਅਤੇ ਹੋਰ ਜਾਇਦਾਦਾਂ ਦੀ ਬਰਾਮਦਗੀ ਹੋਈ ਸੀ। ਸਵਪਨ ਸ਼ਰਮਾ ਨੇ ਦੱਸਿਆ ਕਿ ਸਤਨਾਮ ਸਿੰਘ ਦਾ ਜਵਾਈ ਹਰਦੀਪ ਸਿੰਘ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈਰੋਇਨ ਵੰਡਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ, ਜੋ ਅਕਸਰ ਆਵਾਜਾਈ ਲਈ ਕਈ ਵਾਹਨਾਂ ਦੀ ਵਰਤੋਂ ਕਰਦਾ ਸੀ।ਪੁਲਸ ਕਮਿਸ਼ਨਰ ਨੇ ਕਿਹਾ ਕਿ ਹਰਦੀਪ ਸਿੰਘ ਦੀ ਪਤਨੀ ਅਮਨ ਰੋਜ਼ੀ ਨੇ ਵੀ ਡਰੱਗ ਵੰਡਣ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਵਿੱਤੀ ਰਿਕਾਰਡ ਦਾ ਧਿਆਨ ਰੱਖਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਈਰਾਨ, ਅਫਗਾਨਿਸਤਾਨ, ਤੁਰਕੀ, ਪਾਕਿਸਤਾਨ ਅਤੇ ਕੈਨੇਡਾ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਗੁਜਰਾਤ ਵਿੱਚ ਕਾਰਜਸ਼ੀਲ ਰਹੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਵਿਆਪਕ ਨੈੱਟਵਰਕ ਦੇ ਕਿੰਗਪਿਨ ਨਵਪ੍ਰੀਤ ਸਿੰਘ ਉਰਫ਼ ਨਵ ਨੂੰ ਫੜਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।