ਰਾਜਾ ਵੜਿੰਗ ਲੁਧਿਆਣਾ, ਵਿਜੇਇੰਦਰ ਸਿੰਗਲਾ ਅਨੰਦਪੁਰ ਸਾਹਿਬ, ਰੰਧਾਵਾ ਗੁਰਦਾਸਪੁਰ ਤੇ ਕੁਲਬੀਰ ਜ਼ੀਰਾ ਖਡੂਰ ਸਾਹਿਬ ਤੋਂ ਉਮੀਦਵਾਰ
ਨਵੀਂ ਦਿੱਲੀ : ਕਾਂਗਰਸ ਨੇ ਸੋਮਵਾਰ ਪੰਜਾਬ ਤੋਂ ਲੋਕ ਸਭਾ ਲਈ ਚਾਰ ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਬਰਾੜ ਉਰਫ ਰਾਜਾ ਵੜਿੰਗ ਨੂੰ ਲੁਧਿਆਣਾ, ਸੁਖਜਿੰਦਰ ਸਿੰਘ ਰੰਧਾਵਾ ਨੂੰ ਗੁਰਦਾਸਪੁਰ, ਕੁਲਬੀਰ ਸਿੰਘ ਜ਼ੀਰਾ ਨੂੰ ਖਡੂਰ ਸਾਹਿਬ ਤੇ ਵਿਜੇਇੰਦਰ ਸਿੰਗਲਾ ਨੂੰ ਆਨੰਦਪੁਰ ਸਾਹਿਬ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਹੁਣ ਸਿਰਫ ਫਿਰੋਜ਼ਪੁਰ ਸੀਟ ਦੇ ਉਮੀਦਵਾਰ ਦਾ ਐਲਾਨ ਬਚ ਗਿਆ ਹੈ। ਪੰਜਾਬ ਵਿਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ।
ਲੁਧਿਆਣਾ ਤੋਂ ਪਹਿਲੇ ਸਾਂਸਦ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਕੇ ਉਸ ਦੇ ਉਮੀਦਵਾਰ ਬਣ ਗਏ ਸਨ। ਇੱਥੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂਅ ਵੀ ਕਾਫੀ ਚੱਲਿਆ, ਪਰ ਆਖਰ ਰਾਜਾ ਵੜਿੰਗ ਨੂੰ ਹੀ ਪਾਰਟੀ ਨੇ ਟਿਕਟ ਦੇਣੀ ਮੁਨਾਸਬ ਸਮਝੀ। ਰਾਜਾ ਵੜਿੰਗ ਦਾ ਮੁੱਖ ਮੁਕਾਬਲਾ ਬਿੱਟੂ ਤੋਂ ਇਲਾਵਾ ਆਪ ਦੇ ਅਸ਼ੋਕ ਪ੍ਰਾਸ਼ਰ ਪੱਪੀ ਤੇ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਨਾਲ ਹੋਵੇਗਾ। ਜੱਟ ਭਾਈਚਾਰੇ ’ਚੋਂ ਆਉਦੇ ਰਾਜਾ ਵੜਿੰਗ ਨੇ 2019 ਵਿਚ ਬਠਿੰਡਾ ਲੋਕ ਸਭਾ ਸੀਟ ਲੜੀ ਸੀ, ਪਰ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸਨ। ਰਾਜਾ ਵੜਿੰਗ ਗਿੱਦੜਬਾਹਾ ਤੋਂ ਤੀਜੀ ਵਾਰ ਵਿਧਾਇਕ ਹਨ ਤੇ ਚੰਨੀ ਸਰਕਾਰ ਵਿਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ।
ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਸਰਕਾਰ ਵਿਚ ਰਹੇ ਤੇ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਵੀ ਬਣੇ। ਉਹ ਡੇਰਾ ਬਾਬਾ ਨਾਨਕ ਹਲਕੇ ਤੋਂ ਵਿਧਾਇਕ ਹਨ। ਉਨ੍ਹਾ ਨੂੰ ਕਾਂਗਰਸ ਨੇ ਰਾਜਸਥਾਨ ਵਿਚ ਇੰਚਾਰਜ ਵੀ ਬਣਾਇਆ ਸੀ। ਚਾਰ ਵਾਰ ਦੇ ਵਿਧਾਇਕ ਰੰਧਾਵਾ ਦਾ ਗੁਰਦਾਸਪੁਰ ਵਿਚ ਭਾਜਪਾ ਦੇ ਦਿਨੇਸ਼ ਬੱਬੂ, ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਤੇ ਆਪ ਦੇ ਅਮਨਸ਼ੇਰ ਸਿੰਘ ਉਰਫ ਸ਼ੈਰੀ ਕਲਸੀ ਨਾਲ ਮੁਕਾਬਲਾ ਹੋਵੇਗਾ। ਪਿਛਲੀ ਵਾਰ ਇਸ ਸੀਟ ਤੋਂ ਭਾਜਪਾ ਦੇ ਸੰਨੀ ਦਿਓਲ ਜਿੱਤੇ ਸਨ।
ਆਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੂੰ ਚੰਡੀਗੜ੍ਹ ਸ਼ਿਫਟ ਕਰਨ ਤੋਂ ਬਾਅਦ ਸਿੰਗਲਾ ਦੀ ਸ਼ਕਲ ਵਿਚ ਹਿੰਦੂ ਚਿਹਰਾ ਉਤਾਰਿਆ ਗਿਆ ਹੈ। ਸਿੰਗਲਾ ਦਾ ਅਕਾਲੀ ਦਲ ਦੇ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਤੇ ਆਪ ਦੇ ਮਾਲਵਿੰਦਰ ਸਿੰਘ ਕੰਗ ਨਾਲ ਮੁਕਾਬਲਾ ਹੋਵੇਗਾ। ਭਾਜਪਾ ਨੇ ਉਮੀਦਵਾਰ ਐਲਾਨਣਾ ਹੈ। ਸਿੰਗਲਾ 2017 ਵਿਚ ਵਿਧਾਇਕ ਬਣ ਕੇ ਕੈਪਟਨ ਸਰਕਾਰ ਵਿਚ ਮੰਤਰੀ ਰਹੇ। 2022 ਦੀਆਂ ਚੋਣਾਂ ਵਿਚ ਉਹ ਸੰਗਰੂਰ ਤੋਂ ਹਾਰ ਗਏ ਸਨ।
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਦੀ ਟਿਕਟ ਕੱਟ ਕੇ ਕੁਲਬੀਰ ਸਿੰਘ ਜ਼ੀਰਾ ਨੂੰ ਦਿੱਤੀ ਗਈ ਹੈ। ਉਨ੍ਹਾ ਦਾ ਮੁਕਾਬਲਾ ਆਪ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ, ਭਾਜਪਾ ਦੇ ਮਨਜੀਤ ਸਿੰਘ ਮੀਆਂਵਿੰਡ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨਾਲ ਹੋਵੇਗਾ। ਤੱਤਖਿਆਲੀ ਅੰਮਿ੍ਰਤਪਾਲ ਸਿੰਘ ਵੀ ਚੋਣ ਲੜਨੀ ਚਾਹੁੰਦਾ ਹੈ। ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇ ਅੰਮਿ੍ਰਤਪਾਲ ਖੜ੍ਹਾ ਹੁੰਦਾ ਹੈ ਤਾਂ ਉਹ ਆਪਣਾ ਉਮੀਦਵਾਰ ਬਿਠਾ ਲੈਣਗੇ।
ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਖੁਦ ਆਨੰਦਪੁਰ ਸਾਹਿਬ ਤੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਜਿੱਤੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਖਡੂਰ ਸਾਹਿਬ ਦੀ ਟਿਕਟ ਲਈ ਜ਼ੋਰ ਲਾਇਆ। ਟਿਕਟਾਂ ਐਲਾਨੇ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਖਡੂਰ ਸਾਹਿਬ ਤੋਂ ਟਿਕਟ ਦਿਵਾਉਣ ’ਚ ਉਨ੍ਹਾ ਵੀ ਭੂਮਿਕਾ ਨਿਭਾਈ।
ਇਸੇ ਦੌਰਾਨ ਬਿੱਟੂ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ। ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ’ਚ ਲੁਧਿਆਣਾ ਆ ਰਿਹਾ ਹੈ। ਕਾਂਗਰਸ ਦੀ ਹਾਲਤ ਖਰਾਬ ਹੈ, ਜਿਸ ਕਾਰਨ ਪਾਰਟੀ ਨੂੰ ਬਾਹਰੋਂ ਉਮੀਦਵਾਰ ਲਿਆਉਣਾ ਪਿਆ। ਇਹ ਵੀ ਖਬਰਾਂ ਹਨ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਤੋਂ ਖਫ਼ਾ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਕਾਂਗਰਸ ਛੱਡ ਜਾਣਗੇ।
ਗੋਲਡੀ ਨੇ ਆਪਣੇ ਫੇਸਬੁੱਕ ਪੇਜ ਉਤੇ ਲਿਖਿਆ-ਸੋਚਦੇ ਹਾਂ ਕਿ ਇਕ ਨਵਾਂ ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ, ਹਨੇਰਿਆਂ ਦੀ ਰਾਤ ਵਿਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ।
ਵਿਧਾਨ ਸਭਾ ਚੋਣਾਂ ਵਿਚ ਗੋਲਡੀ ਧੂਰੀ ਹਲਕੇ ਤੋਂ ਭਗਵੰਤ ਮਾਨ ਤੋਂ ਹਾਰ ਗਏ ਸਨ। ਪਾਰਟੀ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਗੋਲਡੀ ਨੂੰ ਉਮੀਦਵਾਰ ਬਣਾਇਆ ਸੀ, ਪਰ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਸਨ। ਹੁਣ ਕਾਂਗਰਸ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਹਨ। ਸਮਝਿਆ ਜਾਂਦਾ ਹੈ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ, ਜਿਸ ਨੇ ਸੰਗਰੂਰ ਤੋਂ ਉਮੀਦਵਾਰ ਅਜੇ ਐਲਾਨਣਾ ਹੈ।