ਤਰਨ ਤਾਰਨ : ਪੰਜਾਬ ਖੇਤ ਮਜ਼ਦੂਰ ਸਭਾ ਤਰਨ ਤਾਰਨ ਜ਼ਿਲ੍ਹੇ ਦੀ ਮੀਟਿੰਗ ਅਰਜਨ ਸਿੰਘ ਗੜਗੱਜ ਭਵਨ ਬਾਠ ਰੋਡ ਤਰਨ ਤਾਰਨ ਵਿਖੇ ਜੁਗਿੰਦਰ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਐਗਜ਼ੈਕਟਿਵ ਮੈਂਬਰ ਗੁਲਜ਼ਾਰ ਸਿੰਘ ਗੋਰੀਆ ਤੇ ਕੌਮੀ ਕੌਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਪਾਰਲੀਮੈਂਟ ਦੀ ਚੋਣ ਵਿੱਚ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਕਾਮਯਾਬ ਕਰੋ। ਉਹ ਕਿਰਤੀਆਂ ਦਾ ਰਹਿਬਰ ਹੈ। ਉਸ ਨੇੇ ਸਾਰੀ ਜ਼ਿੰਦਗੀ ਕਿਰਤੀਆਂ ਦਾ ਰਾਜ ਪ੍ਰਬੰਧ ਕਾਇਮ ਕਰਨ ਲਈ ਲਾਈ ਹੈ। ਉਹ ਇਕੱਲਾ ਮਜ਼ਦੂਰਾਂ ਦਾ ਹੀ ਆਗੂ ਨਹੀਂ, ਉਹ ਕਿਸਾਨਾਂ, ਦੁਕਾਨਦਾਰਾਂ ਤੇ ਕਾਰਖਾਨੇਦਾਰਾਂ ਦਾ ਵੀ ਆਗੂ ਹੈ। ਉਸ ਕੋਲ ਕੋਈ ਵੀ ਦੁਖਿਆਰਾ ਮਨੁੱਖ ਕੰਮ ਲਈ ਚਲੇ ਜਾਂਦਾ ਹੈ ਤਾਂ ਉਹ ਆਪਣੇ ਘਰੇਲੂ ਕੰਮ ਛੱਡ ਕੇ ਪਹਿਲਾਂ ਉਸ ਦੇ ਕੰਮ ਨੂੰ ਪਹਿਲ ਦਿੰਦਾ ਹੈ।ਇਸ ਲਈ ਗੁਰਦਿਆਲ ਸਿੰਘ ਨੂੰ ਜਿਤਾਉਣਾ ਇਮਾਨਦਾਰੀ ਦੀ ਜਿੱਤ ਹੈ। ਭਰਾਵੋ, ਪਹਿਲੀ ਜੂਨ ਵਾਲੇ ਦਿਨ ਵੋਟਾਂ ਪਾਉਣ ਸਮੇਂ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਬਣਾਓ।
ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਗੁਰਦਿਆਲ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੀਏ। ਗੁਰਦਿਆਲ ਸਿੰਘ ਕਿਰਤੀ ਪਰਵਾਰ ’ਚੋਂ ਹੈ ਅਤੇ ਰੋਜ਼ਾਨਾ ਕਿਰਤ ਕਰਕੇ ਪਰਵਾਰ ਦਾ ਪਾਲਣ-ਪੋਸ਼ਣ ਕਰਦਾ ਹੈ।ਦੂਜੀਆਂ ਸਰਮਾਏਦਾਰ ਪਾਰਟੀਆਂ ਨੇ ਲੋਕਾਂ ਦਾ ਧਨ-ਦੌਲਤ ਲੁੱਟ ਕੇ ਪੈਸੇ ਦੇ ਭੰਡਾਰ ਜਮ੍ਹਾਂ ਕੀਤੇ ਹਨ ਅਤੇ ਉਨ੍ਹਾਂ ਨੇ ਵੋਟਾਂ ਖਰੀਦਣ ਵਾਸਤੇ ਪੈਸਾ ਮੀਂਹ ਵਾਂਗੂੰ ਵਰ੍ਹਾਉਣਾ ਹੈ।ਇਸ ਲਈ ਆਪਣੇ ਮਜ਼ਦੂਰ ਭਰਾਵਾਂ ਨੂੰ ਸਮਝਾਓ ਕਿ ਉਹ ਪੈਸੇ ਲੈ ਕੇ ਵੋਟਾਂ ਨਾ ਪਾਉਣ, ਆਪਣੀ ਜ਼ਮੀਰ ਨਾਲ ਵੋਟ ਪਾਉਣ। ਕਈ ਵੋਟਰ ਪੈਸੇ ਲੈ ਕੇ ਪੰਜ ਸਾਲ ਲਈ ਆਪਣੀ ਜ਼ਮੀਰ ਧਨ-ਦੌਲਤ ਵਾਲੇ ਨੂੰ ਵੇਚ ਦਿੰਦੇ ਹਨ, ਜੋ ਗਲਤ ਹੈ। ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਜਾ ਕੇ ਹਰ ਮਨੁੱਖ ਦੇ ਰੁਜ਼ਗਾਰ, ਹਰ ਬੱਚੇ ਲਈ ਮੁਫ਼ਤ ਤੇ ਲਾਜ਼ਮੀ ਵਿਦਿਆ, ਹਰੇਕ ਮਨੁੱਖ ਵਾਸਤੇ ਮੁਫ਼ਤ ਘਰ ਬਣਾਉਣ ਅਤੇ ਹਰੇਕ ਵਿਅਕਤੀ ਲਈ ਮੁਫ਼ਤ ਸਿਹਤ ਸਹੂਲਤ ਦੀ ਲੜਾਈ ਲੜਾਂਗਾ। ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਹੀਰਾ ਸਿੰਘ ਖਡੂਰ ਸਾਹਿਬ, ਬਲਕਾਰ ਸਿੰਘ ਵਲਟੋਹਾ, ਚਰਨ ਸਿੰਘ ਤਰਨ ਤਾਰਨ, ਰਛਪਾਲ ਸਿੰਘ ਘੁਰਕਵਿੰਡ, ਮੇਜਰ ਸਿੰਘ ਦਾਰਾਪੁਰ, ਬਲਜੀਤ ਸਿੰਘ ਫਤਿਆਬਾਦ, ਸੁਖਦੇਵ ਸਿੰਘ ਭਲਾਈਪੁਰ, ਬੂਟਾ ਸਿੰਘ ਢੋਟੀਆਂ, ਰੁਪਿੰਦਰ ਕੌਰ ਬਾਕੀਪੁਰ, ਖੇਤ ਮਜ਼ਦੂਰ ਆਗੂ ਜਸਵੰਤ ਸਿੰਘ ਖਡੂਰ ਸਾਹਿਬ ਤੇ ਚਰਨ ਸਿੰਘ ਤਰਨ ਤਾਰਨ ਨੇ ਵੀ ਸੰਬੋਧਨ ਕੀਤਾ।