ਬੇਂਗਲੁਰੂ : ਜਨਤਾ ਦਲ (ਸੈਕੂਲਰ) ਨੇ ਮੰਗਲਵਾਰ ਹਾਸਨ ਤੋਂ ਸੰਸਦ ਮੈਂਬਰ ਤੇ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ। ਇਸ ਤੋਂ ਪਹਿਲਾਂ ਹੁਬਲੀ ਵਿਚ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਸ ਦੇ ਪ੍ਰਧਾਨ ਜੀ ਟੀ ਦੇਵਗੌੜਾ ਨੇ ਕਿਹਾ ਸੀ-ਅਸੀਂ ਪ੍ਰਜਵਲ ਰੇਵੰਨਾ ਵਿਰੁੱਧ ਐੱਸ ਆਈ ਟੀ ਦਾ ਸਵਾਗਤ ਕਰਦੇ ਹਾਂ। ਅਸੀਂ ਐੱਸ ਆਈ ਟੀ ਦੀ ਜਾਂਚ ਪੂਰੀ ਹੋਣ ਤੱਕ ਉਸ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਸਿਫਾਰਸ਼ ਕਰਦੇ ਹਾਂ।
33 ਸਾਲਾ ਪ੍ਰਜਵਲ ਹਾਸਨ ਲੋਕ ਸਭਾ ਹਲਕੇ ਤੋਂ ਭਾਜਪਾ-ਜਨਤਾ ਦਲ (ਸੈਕੂਲਰ) ਗੱਠਜੋੜ ਦਾ ਉਮੀਦਵਾਰ ਸੀ, ਜਿੱਥੇ ਲੰਘੇ ਸ਼ੁੱਕਰਵਾਰ ਵੋਟਿੰਗ ਹੋਈ। ਉਹ ਵਿਧਾਇਕ ਐੱਚ ਡੀ ਰੇਵੰਨਾ, ਜੋ ਕਿ ਮੰਤਰੀ ਵੀ ਰਹਿ ਚੁੱਕੇ ਹਨ, ਦਾ ਵੱਡਾ ਬੇਟਾ ਹੈ। ਕਰਨਾਟਕ ਦੀਆਂ 28 ਲੋਕ ਸਭਾ ਸੀਟਾਂ ਵਿੱਚੋਂ 14 ਸੀਟਾਂ ਲਈ ਵੋਟਿੰਗ ਹੋ ਚੁੱਕੀ ਹੈ ਤੇ 14 ਲਈ 7 ਮਈ ਨੂੰ ਹੋਣੀ ਹੈ। ਦੱਸਿਆ ਜਾਂਦਾ ਹੈ ਕਿ ਪ੍ਰਜਵਲ ਵੋਟਿੰਗ ਤੋਂ ਬਾਅਦ ਜਰਮਨੀ ਭੱਜ ਗਿਆ ਹੈ। ਸੈਕਸ ਸਕੈਂਡਲ ਨੇ ਬਾਕੀ ਦੇਸ਼ ਵਿਚ ਭਾਜਪਾ ਲਈ ਮੁਸ਼ਕਿਲ ਪੈਦਾ ਕਰ ਦਿੱਤੀ ਹੈ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਨੇ ਦੋਸ਼ ਲਗਾਇਆ ਕਿ ਕਾਂਗਰਸ ਉਨ੍ਹਾ ਦੇ ਭਤੀਜੇ ਪ੍ਰਜਵਲ ਰੇਵੰਨਾ ਖਿਲਾਫ ਅਸ਼ਲੀਲ ਵੀਡੀਓ ਮਾਮਲੇ ’ਚ ਉਨ੍ਹਾਂ ਦੇ ਪਰਵਾਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ’ਚ ਕਰਨਾਟਕ ਪੁਲਸ ਤੋਂ ਤਿੰਨ ਦਿਨਾਂ ’ਚ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਮੁਲਜ਼ਮ ਨੂੰ ਫੜਨ ਲਈ ਤੁਰੰਤ ਕਾਰਵਾਈ ਲਈ ਕਿਹਾ ਹੈ।
ਦਰਅਸਲ ਪ੍ਰਵਜਲ ਨੇ ਖੁਦ ਹੀ ਇਸ ਸਕੈਂਡਲ ਦਾ ਜ਼ਿਕਰ ਕੀਤਾ ਸੀ, ਜਦੋਂ ਉਸ ਨੇ ਇਕ ਜੂਨ 2023 ਨੂੰ 86 ਮੀਡੀਆ ਅਦਾਰਿਆਂ ਤੇ ਤਿੰਨ ਲੋਕਾਂ ਖਿਲਾਫ ਬੇਂਗਲੁਰੂ ਦੀ ਸਿਵਲ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਸ ਨੇ ਸਕੈਂਡਲ ਬਾਰੇ ਵੀਡੀਓ ਚਲਾਉਣ ਤੋਂ ਰੋਕੇ ਜਾਣ ਦੀ ਮੰਗ ਕੀਤੀ ਸੀ। ਜਿਨ੍ਹਾਂ ਤਿੰਨ ਲੋਕਾਂ ਦਾ ਪ੍ਰਜਵਲ ਨੇ ਨਾਂਅ ਲਿਆ ਸੀ, ਉਨ੍ਹਾਂ ਵਿਚ ਉਸ ਦਾ ਸਾਬਕਾ ਡਰਾਈਵਰ ਵੀ ਹੈ। ਉਸ ਨੇ ਮਈ 2023 ਵਿਚ ਨੌਕਰੀ ਛੱਡ ਦਿੱਤੀ ਸੀ। ਉਹ 7 ਸਾਲ ਪ੍ਰਜਵਲ ਪਰਵਾਰ ਦੀ ਗੱਡੀ ਚਲਾਉਦਾ ਰਿਹਾ ਸੀ। ਕਿਆਸ ਲਾਏ ਜਾ ਰਹੇ ਹਨ ਕਿ ਉਸ ਦਾ ਪ੍ਰਜਵਲ ਨਾਲ ਝਗੜਾ ਹੋ ਗਿਆ ਸੀ ਤੇ ਫਿਰ ਉਸ ਨੇ ਵੀਡੀਓ ਜਾਰੀ ਕਰਨ ਦੀ ਧਮਕੀ ਦਿੱਤੀ ਸੀ। ਡਰਾਈਵਰ ਨੇ ਦਸੰਬਰ ਵਿਚ ਹਾਸਨ ਦੇ ਥਾਣੇ ਵਿਚ ਸ਼ਿਕਾਇਤ ਕੀਤੀ ਸੀ ਕਿ 13 ਏਕੜ ਜ਼ਮੀਨ ਨਾ ਪਰਤਾਉਣ ਦੇ ਬਾਅਦ ਪ੍ਰਜਵਲ ਤੇ ਉਸ ਦੀ ਮਾਂ ਨੇ ਉਸ ਨੂੰ ਤੇ ਉਸ ਦੀ ਮਾਂ ਨੂੰ ਅਗਵਾ ਕਰ ਲਿਆ ਸੀ। ਦੂਜੀ ਵਾਰ ਵੀਡਿਓ ਦਾ ਜ਼ਿਕਰ ਉਦੋਂ ਹੋਇਆ ਜਦੋਂ ਜਨਵਰੀ 2024 ਵਿਚ ਵਕੀਲ ਤੇ ਹਾਸਨ ਦੇ ਭਾਜਪਾ ਆਗੂ ਦੇਵਰਾਜ ਗੌੜਾ ਦੀ ਪ੍ਰਜਵਲ ਨੂੰ ਜਾਇਦਾਦ ਦੇ ਸਹੀ ਵੇਰਵੇ ਨਾ ਦੇਣ ’ਤੇ ਅਯੋਗ ਕਰਾਰ ਦੇਣ ਦੀ ਬੇਨਤੀ ਕਰਨਾਟਕ ਹਾਈ ਕੋਰਟ ਨੇ ਮੰਨ ਲਈ। ਹਾਲਾਂਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਸਟੇਅ ਕਰ ਦਿੱਤਾ ਸੀ। ਦੇਵਰਾਜ 2023 ਵਿਚ ਹੋਲੇਨਰਸਿੰਘਪੁਰਾ ਅਸੰਬਲੀ ਹਲਕੇ ਵਿਚ ਪ੍ਰਜਵਲ ਦੇ ਪਿਤਾ ਐੱਚ ਡੀ ਰੇਵੰਨਾ ਤੋਂ ਚੋਣ ਹਾਰ ਗਏ ਸਨ। ਜਨਵਰੀ ਵਿਚ ਦੇਵਰਾਜ ਨੇ ਕਿਹਾ ਸੀ-ਰੇਵੰਨਾ ਮੈਨੂੰ ਗੰਦਾ ਬੰਦਾ ਕਹਿ ਕੇ ਬੁਲਾਉਦਾ ਹੈ, ਜਦਕਿ ਉਸ ਦਾ ਮੁੰਡਾ ਗੰਦਾ ਹੈ। ਉਸ ਦੀਆਂ ਅਸ਼ਲੀਲ ਤਸਵੀਰਾਂ ਕੇਸ ਦਾ ਹਿੱਸਾ ਹਨ, ਜੋ ਕੋਰਟ ਵਿਚ ਦਰਜ ਹਨ।
ਦੇਵਰਾਜ ਨੇ ਕਿਹਾ ਕਿ ਪ੍ਰਜਵਲ ਦੇ ਸਾਬਕਾ ਡਰਾਈਵਰ ਦੀ ਕੋਰਟ ਵਿਚ ਪੈਰਵੀ ਕਰਦਿਆਂ ਹੀ ਉਨ੍ਹਾ ਨੂੰ ਅਸ਼ਲੀਲ ਤਸਵੀਰਾਂ ਤੇ ਵੀਡਿਓ ਬਾਰੇ ਪਤਾ ਲੱਗਾ ਸੀ। ਪੀੜਤ ਮਹਿਲਾਵਾਂ ਦੇ ਸਨਮਾਨ ਵਿਚ ਉਨ੍ਹਾ ਵੀਡਿਓ ਜਾਰੀ ਨਹੀਂ ਕੀਤੀਆਂ। ਉਨ੍ਹਾਂ ਦਾ ਨੁਕਸਾਨ ਹੋ ਸਕਦਾ ਸੀ ਤੇ ਕੋਈ ਆਤਮਹੱਤਿਆ ਵੀ ਕਰ ਸਕਦੀ ਸੀ। ਉਨ੍ਹਾ ਪ੍ਰਜਵਲ ਨੂੰ ਟਿਕਟ ਨਾ ਦੇਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਬੀ ਆਈ ਵਿਜੇਂਦਰ ਨੂੰ ਪੱਤਰ ਵੀ ਲਿਖਿਆ ਸੀ। ਉਨ੍ਹਾ ਦੱਸਿਆ ਸੀ ਕਿ ਅਸ਼ਲੀਲ ਹਰਕਤਾਂ ਦੀ ਪੈੱਨਡਰਾਈਵ ਕਾਂਗਰਸ ਆਗੂਆਂ ਕੋਲ ਹੈ। ਦੇਵਰਾਜ ਕਈ ਮੌਕਿਆਂ ’ਤੇ ਦਾਅਵਾ ਕਰ ਚੁੱਕੇ ਹਨ ਕਿ ਵੀਡਿਓ ਜਾਰੀ ਹੋਣ ਦੇ ਬਾਅਦ ਰੇਵੰਨਾ ਪਰਵਾਰ ਨੂੰ ਛੱਡ ਕੇ ਜਨਤਾ ਦਲ (ਸੈਕੂਲਰ) ਦਾ ਭਾਜਪਾ ਨਾਲ ਰਲੇਵੇਂ ਦਾ ਰਾਹ ਸਾਫ ਹੋ ਜਾਵੇਗਾ। ਰੇਵੰਨਾ ਤੇ ਕੁਮਾਰਸਵਾਮੀ ਦੀ ਬਣਦੀ ਨਹੀਂ।
26 ਅਪ੍ਰੈਲ ਨੂੰ ਪਹਿਲੇ ਗੇੜ ਦੀ ਪੋਲਿੰਗ ਤੋਂ ਪਹਿਲਾਂ ਹਾਸਨ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਪੈਨਡਰਾਈਵ ਰਾਹੀਂ ਵੀਡੀਓ ਵੰਡੀਆਂ ਗਈਆਂ। ਦੱਸਿਆ ਜਾਂਦਾ ਹੈ ਕਿ 2900 ਅਸ਼ਲੀਲ ਵੀਡੀਓ ਹਨ। ਸੂਬਾਈ ਕਾਂਗਰਸ ਸਰਕਾਰ ਨੇ ਉਦੋਂ ਨੋਟਿਸ ਲਿਆ ਜਦੋਂ ਸੂਬੇ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਡੀ ਜੀ ਪੀ ਤੇ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਪੱਤਰ ਲਿਖੇ। ਉਸ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੂੰ ਵੀ ਪੈੱਨਡਰਾਈਵ ਮਿਲੀ ਹੈ। ਵੀਡੀਓ ਵਿਚ ਸੈਂਕੜੇ ਮਹਿਲਾਵਾਂ ਹਨ।