ਪਟਿਆਲਾ : ਇੱਥੇ ਏਟਕ, ਟਰੇਡ ਯੂਨੀਅਨ ਕੌਂਸਲ ਪਟਿਆਲਾ, ਪ ਸ ਸ ਫ ਜ਼ਿਲ੍ਹਾ ਪਟਿਆਲਾ ਅਤੇ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਕਿਰਤੀਆਂ ਦਾ ਇਤਿਹਾਸਕ ਪਹਿਲੀ ਮਈ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਉਤਮ ਸਿੰਘ ਬਾਗੜੀ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੌਲੱਖਾ ਅਤੇ ਗੁਰਵਿੰਦਰ ਸਿੰਘ ਗੋਲਡੀ ਦੀ ਅਗਵਾਈ ਵਿੱਚ ਹਰ ਇੱਕ ਮਹਿਕਮੇ ਅਤੇ ਫੈਕਟਰੀਆਂ ਦੇ ਗੇਟਾਂ ਉਪਰ ਗੇਟ ਰੈਲੀਆਂ ਕਰਨ ਉਪਰੰਤ ਲਾਲ ਰੰਗ ਦੇ ਝੰਡੇ ਲਹਿਰਾਏ ਗਏ। ਇਸ ਤੋਂ ਇਲਾਵਾ ਯੂਨੀਅਨਾਂ ਦੇ ਦਫਤਰਾਂ ਉਪਰ ਵੀ ਲਾਲ ਝੰਡੇ ਲਹਿਰਾਏ ਗਏ ਅਤੇ ਉਸ ਤੋਂ ਬਾਅਦ ਪੁਰਾਣਾ ਬੱਸ ਸਟੈਂਡ ਪਟਿਆਲਾ ਦੇ ਨੇੜੇ ਓਵਰ ਬਰਿਜ ਦੇ ਥੱਲੇ ਪਟਿਆਲਾ ਸ਼ਹਿਰ ਦੇ ਸਾਰੇ ਮੁਲਾਜ਼ਮ, ਮਜ਼ਦੂਰ ਇਕੱਠੇ ਹੋਏ ਅਤੇ ਇੱਕ ਵਿਸ਼ਾਲ ਰੈਲੀ ਕਰਨ ਉਪਰੰਤ ਸੈਂਕੜੇ ਵਰਕਰਾਂ ਨੇ ਸ਼ਹਿਰ ਵਿੱਚ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਝੰਡੇ ਲਹਿਰਾਉਦੇ ਹੋਏ ਪ੍ਰਭਾਵਸ਼ਾਲੀ ਮਾਰਚ ਕੀਤਾ, ਜੋ ਕਿ ਆਖਰੀ ਪੜਾਅ ਥਾਪਰ ਕਾਲਜ/ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ’ਤੇ ਪੁੱਜ ਕੇ ਕੰਮ ਤੋਂ ਕੱਢੇ ਵਰਕਰਾਂ ਦੇ ਹੱਕ ਵਿੱਚ ਵਿਸ਼ਾਲ ਰੈਲੀ ਕਰਕੇ ਸਮਾਪਤ ਕੀਤਾ ਗਿਆ।
ਬੱਸ ਸਟੈਂਡ ਪਟਿਆਲਾ ਦੇ ਨਜ਼ਦੀਕ ਅਤੇ ਥਾਪਰ ਯੂਨੀਵਰਸਿਟੀ ਦੇ ਸਾਹਮਣੇ ਕੀਤੀਆਂ ਗਈਆਂ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਮਾਣਮੱਤੇ ਇਤਿਹਾਸ ’ਤੇ ਚਾਨਣਾ ਪਾਇਆ ਅਤੇ ਮਜ਼ਦੂਰ ਹੱਕਾਂ ਲਈ ਫਾਂਸੀਆਂ ਦੇ ਰੱਸੇ ਚੁੰਮ ਕੇ ਸ਼ਹੀਦ ਹੋਏ ਆਗੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਧਾਲੀਵਾਲ ਨੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ 8 ਘੰਟੇ ਕੰਮ ਦਿਹਾੜੀ ਦਾ ਕਾਨੂੰਨ ਅਤੇ ਅਨੇਕਾਂ ਹੋਰ ਲੇਬਰ ਕਾਨੂੰਨਾਂ ਦੇ ਹੋਂਦ ਵਿੱਚ ਆਉਣ ਦਾ ਭਰਪੂਰ ਜ਼ਿਕਰ ਕੀਤਾ।
ਕਲਾਸ ਫੋਰਥ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਵਰਤਮਾਨ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਰਾਹੀਂ ਮੁਲਾਜ਼ਮਾਂ-ਮਜ਼ਦੂਰਾਂ ਦੇ ਖੋਹੇ ਜਾ ਰਹੇ ਹੱਕ-ਹਕੂਕਾਂ ਸੰਬੰਧੀ ਤਫਸੀਲ ਵਿੱਚ ਵਿਆਖਿਆ ਕੀਤੀ। ਇਸ ਮੌਕੇ ਥਾਪਰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੱਢੇ ਗਏ 28 ਵਰਕਰਾਂ ਨੂੰ ਕੰਮ ’ਤੇ ਨਾ ਲਿਆ ਗਿਆ ਤਾਂ ਯੂਨੀਵਰਸਿਟੀ ਸਾਹਮਣੇ ਪੱਕਾ ਮੋਰਚਾ ਲਾਇਆ ਜਾਵੇਗਾ। ਜਿਹਨਾਂ ਹੋਰ ਆਗੂਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਉਤਮ ਸਿੰਘ ਬਾਗੜੀ, ਕਰਮ ਚੰਦ ਗਾਂਧੀ, ਜਗਮੋਹਨ ਨੌਲੱਖਾ ਅਤੇ ਬਲਜਿੰਦਰ ਸਿੰਘ ਸ਼ਾਮਲ ਸਨ।
ਲੁਧਿਆਣਾ (ਐੱਮ ਐੱਸ ਭਾਟੀਆ) : ਏਟਕ ਵੱਲੋਂ ਮਈ ਦਿਵਸ ’ਤੇ ਸਮਾਗਮ ਕੀਤਾ ਗਿਆ, ਜਿਸ ਵਿੱਚ ਹਾਜ਼ਰ ਕਾਮਿਆਂ ਨੇ ਸੰਕਲਪ ਲਿਆ ਕਿ ਜਿੱਥੇ ਉਹ ਆਪਣੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣਗੇ, ਉਸ ਦੇ ਨਾਲ ਹੀ ਦੇਸ਼ ਵਿੱਚ ਸਦਭਾਵਨਾ ਬਣਾਈ ਰੱਖਣ ਅਤੇ ਦੇਸ਼ ਦੀ ਏਕਤਾ-ਅਖੰਡਤਾ ਦੀ ਰਾਖੀ ਲਈ ਲਗਾਤਾਰ ਯਤਨਸ਼ੀਲ ਰਹਿਣਗੇ। ਇਸ ਮੌਕੇ ਡੀ ਪੀ ਮੌੜ ਮੁੱਖ ਸਲਾਹਕਾਰ ਏਟਕ ਲੁਧਿਆਣਾ ਨੇ ਕਿਹਾ ਕਿ ਪਿਛਲੇ ਦਿਨੀਂ ਨਰਿੰਦਰ ਮੋਦੀ ਨੇ ਜਿਸ ਕਿਸਮ ਦੇ ਭਾਸ਼ਣ ਦਿੱਤੇ ਹਨ, ਉਸ ਨਾਲ ਉਹਨਾ ਦੀ ਸਮਾਜ ਵਿੱਚ ਸਦਭਾਵਨਾ ਨੂੰ ਖਤਮ ਕਰਨ ਦੀ ਮਨਸ਼ਾ ਸਾਫ ਦਿਖਾਈ ਦੇ ਰਹੀ ਹੈ, ਉਹ ਫਿਰਕਿਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਜੋ ਦੇਸ਼ ਵਿੱਚ ਅਰਾਜਕਤਾ ਫੈਲੇ ਤੇ ਉਹ ਕਿਸੇ ਨਾ ਕਿਸੇ ਢੰਗ ਨਾਲ ਇਸ ਦਾ ਲਾਭ ਉਠਾਉਣ। ਰਿਪੋਰਟਾਂ ਦੇ ਮੁਤਾਬਕ ਹੁਣ ਇਹ ਸਾਫ ਹੋ ਗਿਆ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਦਾ ਦੁਬਾਰਾ ਆਉਣਾ ਲਗਭਗ ਨਾਂਹ ਦੇ ਬਰਾਬਰ ਹੈ। ਇਸ ਲਈ ਉਹ ਬੁਖਲਾ ਗਏ ਹਨ ਤੇ ਕੋਝੀਆਂ ਹਰਕਤਾਂ ਅਤੇ ਹੋਛੇ ਭਾਸ਼ਣ ਦੇਣ ’ਤੇ ਉਤਰ ਆਏ ਹਨ। ਇੱਕ ਸੁਰੱਖਿਤ ਸਮਾਜ ਵਿੱਚ ਹੀ ਕਾਮਿਆਂ ਦੇ ਹੱਕਾਂ ਦੀ ਰਾਖੀ ਹੋ ਸਕਦੀ ਹੈ, ਕਿਉਕਿ ਮੋਦੀ ਸਰਕਾਰ ਨੰਗੇ-ਚਿੱਟੇ ਰੂਪ ਵਿੱਚ ਕਾਰਪੋਰੇਟ ਪੱਖੀ ਹੈ, ਇਸ ਲਈ ਉਸ ਨੂੰ ਗੱਦੀਓਂ ਲਾਹੁਣ ਦਾ ਕੰਮ ਪ੍ਰਮੁੱਖ ਬਣ ਗਿਆ ਹੈ।
ਜ਼ਿਲ੍ਹਾ ਏਟਕ ਦੇ ਪ੍ਰਧਾਨ ਵਿਜੇ ਕੁਮਾਰ ਨੇ ਮੰਗ ਕੀਤੀ ਕਿ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਏ, ਮਿਡ ਡੇ ਮੀਲ ਤੇ ਹੋਰ ਸਕੀਮ ਵਰਕਰਾਂ ਨੂੰ ਪੱਕਾ ਕੀਤਾ ਜਾਏ, ਠੇਕੇਦਾਰੀ ਪ੍ਰਬੰਧ ਖਤਮ ਕਰਕੇ ਹਰ ਖੇਤਰ ਵਿੱਚ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣ। ਹਰ ਪਾਸਿਓਂ ਅਸਫਲ ਰਹਿਣ ਦੇ ਬਾਅਦ ਮੋਦੀ ਸਰਕਾਰ ਸਮਝ ਰਹੀ ਹੈ ਕਿ ਉਹ ਥੋਥੇ ਨਾਹਰੇ ਦੇ ਕੇ ਅਤੇ ਸਮਾਜ ਵਿੱਚ ਵੰਡੀਆਂ ਪਾ ਕੇ ਸੱਤਾ ਵਿੱਚ ਆ ਸਕਦੀ ਹੈ, ਪਰ ਇੰਜ ਨਹੀਂ ਹੋਣਾ, ਕਿਉਕਿ ਦੇਸ਼ ਵਾਸੀਆਂ ਨੂੰ ਹੁਣ ਉਹਨਾਂ ਦੀਆਂ ਕੋਝੀਆਂ ਹਰਕਤਾਂ ਬਾਰੇ ਸਮਝ ਆ ਗਈ ਹੈ।
ਐੱਮ ਐੱਸ ਭਾਟੀਆ ਜਨਰਲ ਸਕੱਤਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਦੇ ਦੌਰਾਨ ਕਾਰਪੋਰੇਟ ਘਰਾਣਿਆਂ ਦਾ 16 ਲੱਖ ਕਰੋੜ ਦਾ ਕਰਜ਼ਾ ਮਾਫ ਕੀਤਾ ਗਿਆ। ਇਹ ਪੈਸਾ ਆਮ ਲੋਕਾਂ ਦਾ ਹੈ। ਉਹਨਾ ਕਿਹਾ ਕਿ ਏਨੇ ਪੈਸੇ ਨਾਲ ਨਰੇਗਾ ਦਾ 25 ਸਾਲ ਦਾ ਬਜਟ ਚੱਲ ਸਕਦਾ ਹੈ। ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਦੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਵਿੱਚ ਤਬਦੀਲ ਕਰਨ ਦੀ ਨਿਖੇਧੀ ਕਰਦੇ ਹੋਏ ਸ੍ਰੀ ਭਾਟੀਆ ਨੇ ਕਿਹਾ ਕਿ ਮਜ਼ਦੂਰ ਕਿਰਤ ਕਾਨੂੰਨਾਂ ਨੂੰ ਬਹਾਲ ਕਰਨ ਤੱਕ ਆਪਣੀ ਲੜਾਈ ਜਾਰੀ ਰੱਖਣਗੇ।
ਇਸ ਤੋਂ ਪਹਿਲਾਂ ਅਨੇਕਾਂ ਥਾਵਾਂ ’ਤੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਆਪਣੇ-ਆਪਣੇ ਅਦਾਰਿਆਂ ਵਿੱਚ ਝੰਡੇ ਝੁਲਾਏ ਤੇ ਰੈਲੀਆਂ ਕਰਨ ਉਪਰੰਤ ਏਟਕ ਦੇ ਸਾਂਝੇ ਸਮਾਗਮ ਵਿੱਚ ਸ਼ਾਮਲ ਹੋਏ।
ਹੋਰਨਾਂ ਤੋਂ ਇਲਾਵਾ ਡਾ: ਰਜਿੰਦਰਪਾਲ, ਬੀ ਐੱਸ ਔਲਖ, ਚਰਨ ਸਿੰਘ ਸਰਾਭਾ, ਗੁਰਮੇਲ ਮੈਲਡੇ, ਚਮਕੌਰ ਸਿੰਘ, ਡਾ: ਗੁਰਪ੍ਰੀਤ ਰਤਨ, ਡਾ: ਵਿਨੋਦ, ਰਛਪਾਲ ਸਿੰਘ, ਨਰਕੇਸ਼ਰ ਰਾਏ, ਸੁਰਿੰਦਰ ਸਿੰਘ ਬੈਂਸ ਬਲਕੌਰ ਸਿੰਘ, ਕੇਵਲ ਸਿੰਘ ਬਨਵੈਤ, ਪਰਵੀਨ ਕੁਮਾਰ, ਸੰਜੀਵ ਸ਼ਰਮਾ, ਰਛਪਾਲ ਸਿੰਘ, ਹਰਬੰਸ ਸਿੰਘ, ਕਾਮੇਸ਼ਵਰ ਯਾਦਵ ਤੇ ਅਜੀਤ ਜਵੱਦੀ ਨੇ ਵੀ ਸੰਬੋਧਨ ਕੀਤਾ।
ਤਰਨ ਤਾਰਨ : ਟਰੇਡ ਯੂਨੀਅਨ ਏਟਕ ਵੱਲੋਂ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਤਰਨ ਤਾਰਨ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਪਹਿਲੀ ਮਈ ਜ਼ਿਲ੍ਹਾ ਪੱਧਰ ’ਤੇ ਟਰੇਡ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਮਈ ਦਿਹਾੜੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਏਟਕ ਦੇ ਸੂਬਾਈ ਆਗੂ ਪਿ੍ਰਥੀਪਾਲ ਸਿੰਘ ਮਾੜੀਮੇਘਾ ਤੇ ਉੱਘੇ ਟਰੇਡ ਯੂਨੀਅਨ ਆਗੂ ਤਾਰਾ ਸਿੰਘ ਖਹਿਰਾ ਨੇ ਕਿਹਾ ਕਿ ਮਈ ਦਿਵਸ ਦੇ ਸਿਧਾਂਤ ਦੀ ਰੌਸ਼ਨੀ ਕਿਰਤੀਆਂ ਲਈ ਚਾਨਣ-ਮੁਨਾਰਾ ਹੈ।ਇਕੱਲੇ ਕੰਮ ’ਤੇ ਲੱਗੇ ਕਿਰਤੀਆਂ ਲਈ ਹੀ ਨਹੀਂ, ਇਹ ਦਿਹਾੜਾ ਇਹ ਸੇਧ ਦਿੰਦਾ ਹੈ ਕਿ ਹਰੇਕ ਵਿਅਕਤੀ ਨੂੰ ਪੱਕਾ ਰੁਜ਼ਗਾਰ ਵੀ ਦਿੱਤਾ ਜਾ ਸਕਦਾ ਹੈ। ਹੁਣ ਕਈਆਂ ਦੇ ਮਨਾਂ ਵਿੱਚ ਸਵਾਲ ਉੱਠਦਾ ਹੋਵੇਗਾ ਕਿ ਰੁਜ਼ਗਾਰ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਇਹ ਸਵਾਲ ਉੱਠਣਾ ਵੀ ਜਾਇਜ਼ ਹੈ। ਕਿਸੇ ਸਮੇਂ ਰਾਜ ਕਰਦੀ ਧਿਰ ਕਿਰਤੀਆਂ ਤੋਂ ਲਗਾਤਾਰ 24-24 ਘੰਟੇ ਤੋਂ ਵੀ ਵਧੇਰੇ ਸਮਾਂ ਕੰਮ ਲੈਂਦੀ ਸੀ। ਕਿਰਤੀ ਕੰਮ ਕਰਦਿਆਂ ਆਪਣੇ ਕੰਮ ਕਰਨ ਵਾਲੀ ਜਗ੍ਹਾ ’ਤੇ ਹੀ ਰੋਟੀ-ਪਾਣੀ ਖਾਂਦਾ-ਪੀਂਦਾ ਸੀ। ਇਸ ਤਰ੍ਹਾਂ ਜਦੋਂ ਕਣਕ ਦੀ ਵਾਢੀ ਹੁੰਦੀ ਸੀ, ਵਾਢੇ ਭਾਵ ਕਣਕ ਵੱਢਣ ਵਾਲੇ ਵੀ ਇਸੇ ਤਰ੍ਹਾਂ ਕਰਦੇ ਸਨ। ਉਨ੍ਹਾਂ ਦੀ ਜਦੋਂ ਰੋਟੀ ਪਿੰਡਾਂ ’ਚੋਂ ਔਰਤਾਂ ਨੇ ਲੈ ਆਉਣੀ ਤੇ ਕਣਕ ਵੱਢਣੀ ਰੋਕ ਕੇ ਉਥੇ ਹੀ ਪੈਲੀ ਵਿੱਚ ਬੈਠ ਕੇ ਰੋਟੀ ਖਾ ਲੈਣੀ ਤੇ ਚਾਹ ਪੀ ਲੈਣੀ। ਜਿਉ-ਜਿਉ ਕਿਰਤੀ ਚੇਤਨ ਹੁੰਦਾ ਗਿਆ ਤੇ ਉਸ ਨੇ ਕੰਮ ਦਿਹਾੜੀ ਛੋਟੀ ਕਰਨ ਦਾ ਸੰਘਰਸ਼ ਲੜਿਆ ਤੇ ਜਿੱਤਾਂ ਪ੍ਰਾਪਤ ਕੀਤੀਆਂ। ਕਿਰਤੀਆਂ ਦੇ ਸੰਘਰਸ਼ ਅੱਗੇ ਮਾਲਕਾਂ ਨੇ ਝੁਕਦੇ ਹੋਏ ਕੰਮ ਦਿਹਾੜੀ ਸਮਾਂ 20 ਘੰਟੇ, 18 ਘੰਟੇ, 16 ਘੰਟੇ ਤੇ ਇਸ ਤਰ੍ਹਾਂ ਘਟਦੇ-ਘਟਦੇ 8 ਘੰਟੇ ’ਤੇ ਪਹੁੰਚ ਗਏ। ਇਹ ਕੰਮ ਦਿਹਾੜੀ ਘਟਣ ਦਾ ਪ੍ਰੋਸੈੱਸ ਇੱਕ-ਦੋ ਦਿਨਾਂ ਦਾ ਨਹੀਂ, ਇਹ ਤਾਂ ਸੈਂਕੜੇ ਸਾਲ ਲੱਗੇ ਸਨ। ਆਗੂਆਂ ਨੇ ਕਿਹਾ ਕਿ ਹੁਣ ਲੰਮਾ ਸਮਾਂ ਹੋ ਗਿਆ ਕੰਮ ਦਿਹਾੜੀ ਸਮਾਂ 8 ਘੰਟੇ ’ਤੇ ਹੀ ਟਿਕਿਆ ਹੈ। ਇਹ ਟਿਕਣ ਦਾ ਕਾਰਨ ਬੇਰੁਜ਼ਗਾਰੀ ਹੈ। ਜਿਹੜਾ ਕਿਰਤੀ ਕੰਮ ’ਤੇ ਲੱਗਾ ਹੈ, ਉਹ ਸੋਚਦਾ ਹੈ ਕੰਮ ਤੇ ਕਿਤੇ ਮਿਲਦਾ ਨਹੀਂ, ਇਸ ਲਈ ਕਿਉ ਕੰਮ ਦਿਹਾੜੀ ਛੋਟੀ ਕਰਨ ਦੇ ਸੰਘਰਸ਼ ਵਿੱਚ ਪੈਣਾ ਹੈ। ਇਹ ਹੀ ਕਿਰਤੀਆਂ ਦੀ ਗਲਤੀ ਹੈ, ਜੇ ਕੰਮ ਦਿਹਾੜੀ ਛੋਟੀ ਹੁੰਦੀ ਹੈ ਤੇ ਨਵੇਂ ਕਿਰਤੀਆਂ ਭਾਵ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ। ਜਿਹੜਾ ਕਿਰਤੀਆਂ ਅੱਗੇ ਬੇਰੁਜ਼ਗਾਰੀ ਦਾ ਹਊਆ ਹੈ, ਉਹ ਖ਼ਤਮ ਹੋ ਜਾਵੇਗਾ। ਜਦੋਂ ਨਵੇਂ ਕਿਰਤੀਆਂ ਨੂੰ ਕੰਮ ਮਿਲੇਗਾ, ਸਮਾਜ ਵਿਚ ਖੁਸ਼ਹਾਲੀ ਪਰਤੇਗੀ।ਇਸ ਲਈ ਅਜੋਕੇ ਟੈਕਨਾਲੋਜੀ ਦੇ ਯੁੱਗ ਵਿੱਚ ਕੰਮ ਦਿਹਾੜੀ ਸਮਾਂ ਘੱਟੋ-ਘੱਟ 6 ਘੰਟੇ ਕਰਨਾ ਅਤਿ ਜ਼ਰੂਰੀ ਹੈ।
ਇਸ ਮੌਕੇ ਆਗੂਆਂ ਜ਼ੋਰਦਾਰ ਅਪੀਲ ਕੀਤੀ ਕਿ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ। ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਜੇ ਮੈਂ ਪਾਰਲੀਮੈਂਟ ਵਿੱਚ ਪਹੁੰਚ ਜਾਂਦਾ ਹਾਂ ਤਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਆਵਾਜ਼ ਉਠਾਵਾਂਗਾ। ਦਾਤਰੀ ਸਿੱਟੇ ਵਾਲਾ ਬਟਨ ਦਬਾਅ ਕੇ ਮੈਨੂੰ ਕਾਮਯਾਬ ਬਣਾਓ।
ਸਮਾਗਮ ਨੂੰ ਅਧਿਆਪਕ ਯੂਨੀਅਨ ਦੇ ਆਗੂ ਬਲਕਾਰ ਸਿੰਘ ਵਲਟੋਹਾ, ਬਿਜਲੀ ਬੋਰਡ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਦਵਿੰਦਰ ਸੋਹਲ, ਕਾਰਜ ਸਿੰਘ ਕੈਰੋਂ, ਗੁਰਪ੍ਰੀਤ ਸਿੰਘ ਮਾੜੀਮੇਘਾ, ਦਵਿੰਦਰ ਸੋਹਲ , ਸੀਮਾ ਸੋਹਲ, ਅੰਮਿ੍ਰਤਪਾਲ ਸਿੰਘ ਤੇ ਰਜਵੰਤ ਸਿੰਘ ਬਾਗੜੀਆਂ ਨੇ ਵੀ ਸੰਬੋਧਨ ਕੀਤਾ।
ਅੰਮਿ੍ਰਤਸਰ : ਏਟਕ ਅਤੇ ਸੀਟੂ ਵੱਲੋਂ ਮਿਲ ਕੇ ਮਈ ਦਿਵਸ ਮਨਾਇਆ ਗਿਆ। ਵੱਖ-ਵੱਖ ਥਾਵਾਂ ਉਪਰ ਝੰਡੇ ਝੁਲਾਏ ਗਏ ਅਤੇ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਮਿਲਕ ਪਲਾਂਟ ਵੇਰਕਾ, ਛੇਹਰਟਾ, ਪੁਤਲੀਘਰ, ਬਟਾਲਾ ਰੋਡ, ਢਪਈ ਰੋਡ ਆਦਿ ਵਰਨਣਯੋਗ ਹਨ। ਇਨ੍ਹਾਂ ਮੀਟਿੰਗਾਂ ਨੂੰ ਲੋਕ ਸਭਾ ਹਲਕਾ ਅੰਮਿ੍ਰਤਸਰ ਦੇ ਉਮੀਦਵਾਰ ਦਸਵਿੰਦਰ ਕੌਰ, ਅਮਰਜੀਤ ਸਿੰਘ ਆਸਲ ਤੇ ਸੁੱਚਾ ਸਿੰਘ ਅਜਨਾਲਾ ਆਦਿ ਨੇ ਸੰਬੋਧਨ ਕੀਤਾ।
ਜਲੰਧਰ : ਸ਼ਿਕਾਗੋ (ਅਮਰੀਕਾ) ਦੀ ਧਰਤੀ ’ਤੇ 1886 ’ਚ ਸ਼ਹਾਦਤ ਪਾਉਣ ਵਾਲੇ ਮਜ਼ਦੂਰ ਜਮਾਤ ਦੇ ਕੌਮਾਂਤਰੀ ਅਨਮੋਲ ਹੀਰਿਆਂ ਨੂੰ ਸਿਜਦਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਗੰਭੀਰ ਵਿਚਾਰ-ਚਰਚਾ ਕੀਤੀ ਗਈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਗੁਰਮੀਤ, ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ ਅਤੇ ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ ਅਤੇ ਆਡਿਟ ਕਮੇਟੀ ਮੈਂਬਰ ਦੇਵ ਰਾਜ ਨਈਅਰ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਨਾਲ ਜੁੜੇ ਪਰਮਜੀਤ ਸਿੰਘ ਸਮਰਾ ਨੇ ਇਸ ਮੌਕੇ ਵਿਚਾਰ-ਚਰਚਾ ’ਚ ਸ਼ਿਰਕਤ ਕੀਤੀ।
ਬੁਲਾਰਿਆਂ ਨੇ ਮਜ਼ਦੂਰਾਂ ਉਪਰ ਮੜ੍ਹੇ ਜਾ ਰਹੇ ਨਵੇਂ ਕਾਨੂੰਨਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਜਿਵੇਂ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਲਾ-ਮਿਸਾਲ ਕਿਸਾਨ ਸੰਘਰਸ਼ ਹੋਇਆ ਅਤੇ ਚੱਲ ਰਿਹੈ, ਇਸ ਤਰ੍ਹਾਂ ਮਜ਼ਦੂਰਾਂ ਦੀ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨਾ ਸਮੇਂ ਦੀ ਲੋੜ ਹੈ।
ਬੁਲਾਰਿਆਂ ਕਿਹਾ ਕਿ ਤਿੱਖੇ ਹੋਏ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਦੇਸੀ-ਬਦੇਸ਼ੀ ਕੰਪਨੀਆਂ ਦੇ ਸਿਕੰਜ਼ੇ ਅਤੇ ਫ਼ਿਰਕੂ ਫਾਸ਼ੀ ਹੱਲੇ ਦੀ ਦੋ-ਧਾਰੀ ਤਲਵਾਰ ਖ਼ਿਲਾਫ਼ ਜਨ-ਅੰਦੋਲਨ ਉਸਾਰਨਾ ਹੀ ਸਾਮਰਾਜ ਵਿਰੋਧੀ ਗ਼ਦਰ ਲਹਿਰ ਦੀ ਮਹਾਨ ਵਿਰਾਸਤ ਦਾ ਪਰਚਮ ਬੁਲੰਦ ਕਰਨਾ ਹੈ।
ਸਮਾਗਮ ’ਚ 5 ਮਈ ਕਾਰਨ ਮਾਰਕਸ ਦੇ ਜਨਮ ਦਿਹਾੜੇ ’ਤੇ ਕਮੇਟੀ ਵੱਲੋਂ ਹੋ ਰਹੇ ਸਮਾਗਮ ਨੂੰ ਸਫ਼ਲ ਕਰਨ ਲਈ ਲੋਕਾਂ ਨੂੰ ਸਮਾਗਮ ’ਚ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ।