ਨਵੀਂ ਦਿੱਲੀ : ਬੁੱਧਵਾਰ ਸਵੇਰੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੇ ਬਾਅਦ ਸਕੂਲਾਂ ’ਚ ਛੁੱਟੀ ਕਰ ਦਿੱਤੀ ਗਈ।
ਮਯੂਰ ਵਿਹਾਰ ਖੇਤਰ ’ਚ ਸਥਿਤ ਮਦਰ ਮੈਰੀ ਸਕੂਲ, ਦਵਾਰਕਾ ’ਚ ਦਿੱਲੀ ਪਬਲਿਕ ਸਕੂਲ, ਚਾਣਕਿਆਪੁਰੀ ’ਚ ਸੰਸਕਿ੍ਰਤੀ ਸਕੂਲ, ਵਸੰਤ ਕੁੰਜ ’ਚ ਦਿੱਲੀ ਪਬਲਿਕ ਸਕੂਲ, ਸਾਕੇਤ ’ਚ ਐਮਿਟੀ ਸਕੂਲ ਅਤੇ ਨੋਇਡਾ ਸੈਕਟਰ 30 ’ਚ ਸਥਿਤ ਦਿੱਲੀ ਪਬਲਿਕ ਸਕੂਲਾਂ ਸਣੇ ਕਰੀਬ 100 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਦਿੱਤੀ ਗਈ। ਬੰਬ ਠੁੱਸ ਕਰਨ ਵਾਲੇ ਦਸਤੇ ਅਤੇ ਫਾਇਰ ਸਰਵਿਸ ਦੇ ਅਧਿਕਾਰੀ ਤੁਰੰਤ ਸਕੂਲਾਂ ’ਚ ਪਹੁੰਚ ਗਏ।
ਦਿੱਲੀ ਪੁਲਸ ਨੇ ਕਿਹਾ ਕਿ ਜਾਂਚ ਵਿਚ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਪੁਲਸ ਸੂਤਰਾਂ ਮੁਤਾਬਕ ਧਮਕੀ ਵਾਲੀ ਈ-ਮੇਲ ਵਿਚ ‘ਸਵੈਰਾਇਮ’ ਸ਼ਬਦ ਹੈ। ਇਹ ਅਰਬੀ ਸ਼ਬਦ ਦਹਿਸ਼ਤਗਰਦ ਜਥੇਬੰਦੀ ਇਸਲਾਮਿਕ ਸਟੇਟ 2014 ਤੋਂ ਵਰਤ ਰਹੀ ਹੈ। ਇਸ ਸ਼ਬਦ ਦਾ ਮਤਲਬ ਤਲਵਾਰਾਂ ਦਾ ਟਕਰਾਉਣਾ ਹੈ। ਈ-ਮੇਲ ਦਾ ਆਈ ਪੀ ਪਤਾ ਇਕ ਹੈ। ਇਕ ਹੀ ਪੈਟਰਨ ਦੀ ਮੇਲ ਸਾਰੇ ਸਕੂਲਾਂ ਨੂੰ ਭੇਜੀ ਗਈ। ਸਾਈਬਰ ਸੈੱਲ ਮੁਤਾਬਕ ਮੇਲ ਰੂਸੀ ਸਰਵਰ ਤੋਂ ਸਵੇਰੇ 5 ਵੱਜ ਕੇ 36 ਮਿੰਟ ’ਤੇ ਭੇਜੀ ਗਈ ਸੀ। ਮੁਲਜ਼ਮਾਂ ਨੇ ਡਾਰਕ ਨੈੱਟ ਦੀ ਵਰਤੋਂ ਕੀਤੀ, ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।