ਨਵੀਂ ਦਿੱਲੀ : ਕਰਨਾਟਕ ਸੈਕਸ ਸਕੈਂਡਲ ਉੱਤੇ ਰੌਲਾ ਬੁੱਧਵਾਰ ਹੋਰ ਵਧ ਗਿਆ, ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿਚ ਸ਼ਰਮਨਾਕ ਖਾਮੋਸ਼ੀ ਅਖਤਿਆਰ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਹਸਦੇ ਮਾਮੂਲ ਮੋਦੀ ਨੇ ਕਰਨਾਟਕ ਵਿਚ ਮਹਿਲਾਵਾਂ ਖਿਲਾਫ ਘਿਨਾਉਣੇ ਜੁਰਮ ’ਤੇ ਖਾਮੋਸ਼ੀ ਅਖਤਿਆਰ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਮੋਦੀ ਨੇ ਸੈਂਕੜੇ ਧੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਰਾਖਸ਼ਸ਼ ਬਾਰੇ ਸਭ ਕੁਝ ਜਾਣਦੇ ਹੋਇਆਂ ਵੋਟਾਂ ਖਾਤਰ ਉਸ ਨੂੰ ਪ੍ਰਮੋਟ ਕੀਤਾ। ਰਾਹੁਲ ਨੇ ਇਹ ਵੀ ਪੁੱਛਿਆ ਕਿ ਏਨਾ ਵੱਡਾ ਅਪਰਾਧੀ ਦੇਸ਼ ਵਿੱਚੋਂ ਭੱਜ ਕਿਵੇਂ ਗਿਆ?
ਰਾਹੁਲ ਨੇ ਕਿਹਾ ਕਿ ਕੈਸਰਗੰਜ ਤੋਂ ਕਰਨਾਟਕ ਤੇ ਉਨਾਓ ਤੋਂ ਉੱਤਰਾਖੰਡ ਤੱਕ ਪ੍ਰਧਾਨ ਮੰਤਰੀ ਦੀ ਧੀਆਂ ਦੇ ਅਪਰਾਧੀਆਂ ਨੂੰ ਖਾਮੋਸ਼ ਹਮਾਇਤ ਦੇਸ਼ ਭਰ ਵਿਚ ਅਪਰਾਧੀਆਂ ਦੇ ਹੌਸਲੇ ਬੁਲੰਦ ਕਰ ਰਹੀ ਹੈ। ਕੀ ‘ਮੋਦੀ ਪਰਵਾਰ’ ਦਾ ਹਿੱਸਾ ਬਣਨ ਨਾਲ ਅਪਰਾਧੀਆਂ ਨੂੰ ‘ਸੁਰੱਖਿਆ ਦੀ ਗਰੰਟੀ’ ਮਿਲ ਜਾਂਦੀ ਹੈ?
ਇਸੇ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਦੋਸ਼ ਲਾਇਆ ਹੈ ਕਿ ਭਾਜਪਾ ਨੇ ਪ੍ਰਜਵਲ ਰੇਵੰਨਾ ਨੂੰ ਭੱਜਣ ਲਈ ਵੀਜ਼ਾ ਦਿੱਤਾ। ਸੂਬੇ ਵਿਚ ਚੋਣ ਰੈਲੀ ਵਿਚ ਸਿਧਾਰਮਈਆ ਨੇ ਕਿਹਾਜਿਨਸੀ ਸ਼ੋਸ਼ਣ ਦੀਆਂ ਵੀਡਿਓ ਵਾਇਰਲ ਹੋਣ ਤੋਂ ਬਾਅਦ ਪ੍ਰਜਵਲ ਦੇਸ਼ ਵਿੱਚੋਂ ਭੱਜ ਗਿਆ। ਦੇਵਗੌੜਾ (ਸਾਬਕਾ ਪ੍ਰਧਾਨ ਮੰਤਰੀ) ਨੇ ਪੋਤੇ ਨੂੰ ਬਾਹਰ ਭਜਾਇਆ, ਉਸ ਨੂੰ ਵੀਜ਼ੇ ਕਿਸ ਨੇ ਦਿੱਤਾ, ਭਾਜਪਾ ਨੇ ਦਿੱਤਾ।
ਸਿਧਾਰਮਈਆ ਨੇ ਇਸ ਦੋਸ਼ ਨੂੰ ਝੁਠਲਾਇਆ ਕਿ ਪ੍ਰਜਵਲ ਦੀਆਂ ਵੀਡੀਓ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਵੰਡਵਾਈਆਂ। ਪ੍ਰਜਵਲ ਦੇ ਅੰਕਲ ਐੱਚ ਡੀ ਕੁਮਾਰਸਵਾਮੀ (ਸਾਬਕਾ ਮੁੱਖ ਮੰਤਰੀ) ਦਾ ਸ਼ਿਵ ਕੁਮਾਰ ’ਤੇ ਦੋਸ਼ ਸਹੀ ਨਹੀਂ। ਪ੍ਰਜਵਲ ਦੇ ਡਰਾਈਵਰ ਕਾਰਤੀ ਨੇ ਕਿਹਾ ਕਿ ਪੈੱਨ ਡ੍ਰਾਈਵ ਭਾਜਪਾ ਆਗੂ ਨੇ ਦਿੱਤੀ ਸੀ, ਪਰ ਕੁਮਾਰਸਵਾਮੀ ਸ਼ਿਵ ਕੁਮਾਰ ’ਤੇ ਦੋਸ਼ ਲਾ ਕੇ ਸਿਆਸਤ ਕਰ ਰਹੇ ਹਨ। ਸਿਧਾਰਮਈਆ ਨੇ ਕਿਹਾ ਕਿ ਪ੍ਰਜਵਲ ਦੇ ਚਲਿੱਤਰ ਦਾ ਪਤਾ ਹੋਣ ਦੇ ਬਾਵਜੂਦ ਭਾਜਪਾ ਆਗੂ ਅਮਿਤ ਸ਼ਾਹ ਨੇ ਉਸ ਨੂੰ ਟਿਕਟ ਦਿੱਤੀ।
ਇਸੇ ਦੌਰਾਨ ਪ੍ਰਜਵਲ, ਜਿਸ ਦੀਆਂ ਸੈਂਕੜੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੀਆਂ ਵੀਡੀਓ ਵਾਇਰਲ ਹਨ, ਨੇ ਕਿਹਾ ਹੈ ਕਿ ਵੀਡਿਓ ਭੰਨਤੋੜ ਕਰਕੇ ਬਣਾਈਆਂ ਗਈਆਂ ਹਨ। ਉਸ ਨੇ ‘ਐਕਸ’ ’ਤੇ ਪਾਈ ਪੋਸਟ ਵਿਚ ਕਿਹਾ ਹੈ ਕਿ ਉਹ ਬੇਂਗਲੁਰੂ ਵਿਚ ਨਹੀਂ ਤੇ ਉਹ ਵਾਪਸ ਆ ਕੇ ਪੁਲਸ ਜਾਂਚ ਵਿਚ ਸ਼ਾਮਲ ਹੋਵੇਗਾ। ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਸਾਂਸਦ ਪ੍ਰਜਵਲ ਹਾਸਨ ਲੋਕ ਸਭਾ ਸੀਟ ’ਤੇ ਪੋਲਿੰਗ ਖਤਮ ਹੋਣ ਤੋਂ ਬਾਅਦ ਲਾਪਤਾ ਹੋ ਗਿਆ ਸੀ ਤੇ ਉਸ ਦੇ ਜਰਮਨੀ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਕਰਨਾਟਕ ਵਿਚ 14 ਸੀਟਾਂ ਲਈ ਵੋਟਾਂ ਪੈ ਚੁੱਕੀਆਂ ਹਨ ਤੇ ਰਹਿੰਦੀਆਂ 14 ਸੀਟਾਂ ਲਈ 7 ਮਈ ਨੂੰ ਪੈਣੀਆਂ ਹਨ। ਸੈਕਸ ਸਕੈਂਡਲ ਨੇ ਭਾਜਪਾ ਤੇ ਜਨਤਾ ਦਲ (ਸੈਕੂਲਰ) ਦੇ ਗਠਜੋੜ ਲਈ ਮੁਸੀਬਤ ਪੈਦਾ ਕੀਤੀ ਹੋਈ ਹੈ।