ਖਡੂਰ ਸਾਹਿਬ/ਮੀਆਂਵਿੰਡ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਬਲਾਕ ਖਡੂਰ ਸਾਹਿਬ ਦੀ ਮੀਟਿੰਗ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਧਰਤੀ ’ਤੇ ਖਡੂਰ ਸਾਹਿਬ ਵਿਖੇ ਬਲਜੀਤ ਸਿੰਘ ਫਤਿਆਬਾਦ ਦੀ ਪ੍ਰਧਾਨਗੀ ਹੇਠ ਹੋਈ। ਸੰਬੋਧਨ ਦੌਰਾਨ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਬੁਰਾਈ ਵਿਰੁੱਧ ਜਾਗਰੂਕ ਹੋ ਕੇ ਸੰਘਰਸ਼ ਕਰਨ ਅਤੇ ਲੋਕਾਂ ਦੇ ਭਲੇ ਲਈ ਲੜਨ ਦਾ ਸੰਦੇਸ਼ ਦਿੱਤਾ। ਉਸ ਵਕਤ ਮੁਗਲ ਹਾਕਮਾਂ ਦਾ ਰਾਜ ਸੀ, ਪਰ ਗੁਰੂ ਸਾਹਿਬ ਦਲੇਰਾਨਾ ਢੰਗ ਨਾਲ ਲੁੱਟੀ ਜਾਂਦੀ ਜਨਤਾ ਨੂੰ ਸਚਾਈ ਤੇ ਗਿਆਨ ਦੇ ਰਾਹ ਪਾਉਣ ਦਾ ਕੰਮ ਕਰਦੇ ਰਹੇ। ਇਸੇ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਗਲਾਂ ਦੇ ਜ਼ੁਲਮ ਝੱਲਣੇ ਪਏ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਰਬਾਨੀ ਦੇਣੀ ਪਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੁਕਾਈ ਨੂੰ ਖੁਸ਼ਹਾਲੀ ਭਰਿਆ ਸਮਾਜ ਦੇਣ ਵਾਸਤੇ ਆਪਣਾ ਸਾਰਾ ਪਰਵਾਰ ਕੁਰਬਾਨ ਕਰ ਦਿੱਤਾ, ਪਰ ਮੁਗਲ ਹਾਕਮਾਂ ਅੱਗੇ ਹਾਰ ਨਹੀਂ ਮੰਨੀ। ਉਝ ਵੀ ਸੱਚ ਕਦੇ ਹਾਰ ਨਹੀਂ ਮੰਨਦਾ। ਗਿਆਨ ਭਾਵ ਅਕਲ ਦੀ ਤਲਵਾਰ ਲੋਹੇ ਦੀ ਤਲਵਾਰ ਨਾਲੋਂ ਤਿੱਖੀ ਹੁੰਦੀ ਹੈ। ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਗੁਰਦਿਆਲ ਸਿੰਘ ਨੇ ਗਿਆਨ ਦੀ ਤਲਵਾਰ ਲੈ ਕੇ ਲੋਕ ਸਭਾ ਵਿੱਚ ਪਹੁੰਚਣਾ ਅਤੇ ਝੂਠ, ਬੇਈਮਾਨੀ ਦਾ ਮੁਕਾਬਲਾ ਅਤੇ ਲੋਕਾਂ ਦੇ ਹੱਕ, ਸੱਚ ਤੇ ਇਨਸਾਫ਼ ਲਈ ਪਾਰਲੀਮੈਂਟ ਵਿੱਚ ਆਵਾਜ਼ ਲਾਮਬੰਦ ਕਰਨੀ ਹੈ। ਲੋਕ ਸਭਾ ਦਾ ਮੈਂਬਰ ਬਣ ਕੇ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਦੇ ਰੁਜ਼ਗਾਰ ਲਈ ਪਾਰਲੀਮੈਂਟ ਵਿੱਚ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਬਣਵਾਉਣਾ ਹੈ।
ਹਰੇਕ ਬੱਚੇ ਨੂੰ ਮੁਫ਼ਤ ਤੇ ਲਾਜ਼ਮੀ ਵਿਦਿਆ ਦਿਵਾਉਣ ਵਾਸਤੇ ਲੜਨਾ ਹੈ। ਗਰੀਬਾਂ ਨੂੰ ਮੁਫ਼ਤ ਘਰ ਬਣਾ ਕੇ ਦੇਣ ਅਤੇ ਹਰੇਕ ਮਨੁੱਖ ਲਈ ਮੁਫ਼ਤ ਸਿਹਤ ਸਹੂਲਤ ਦੇਣ ਦਾ ਕਾਨੂੰਨ ਪਾਸ ਕਰਾਉਣਾ ਹੈ। ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਛੋਟੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕਰਾਉਣੇ ਹਨ। ਬੁਢਾਪਾ, ਵਿਧਵਾ, ਅੰਗਹੀਣ ਅਤੇ ਬੇਸਹਾਰਾ ਵਿਅਕਤੀਆਂ ਦੀਆਂ ਪੈਨਸ਼ਨਾਂ ਵਧਾਉਣੀਆਂ ਤੇ ਲਗਾਤਾਰਤਾ ਕਾਇਮ ਕਰਨੀ ਹੈ। ਇਸ ਲਈ ਸਾਰੇ ਭੈਣਾਂ-ਭਰਾਵਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਕਾਮਯਾਬ ਬਣਾਓ। ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਵੀ ਲੋਕਾਂ ਦੀ ਸੇਵਾ ਕਰਦਾ ਸਾਂ ਤੇ ਪਾਰਲੀਮੈਂਟ ਮੈਂਬਰ ਬਣ ਕੇ ਹੋਰ ਵੀ ਜ਼ੋਰ ਨਾਲ ਲੋਕਾਂ ਦੀ ਸੇਵਾ ਕਰਾਂਗਾ।ਇਸ ਲਈ ਭਰਾਵੋ, ਦਾਤਰੀ ਸਿੱਟੇ ਨੂੰ ਕਾਮਯਾਬ ਕਰੋ। ਇਸ ਮੌਕੇ ਕੁਲਵੰਤ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ ਜੱਗਾ ਖਡੂਰ ਸਾਹਿਬ, ਬਲਕਾਰ ਸਿੰਘ ਬਿਹਾਰੀਪੁਰ, ਜਗੀਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਭਰੋਵਾਲ , ਘੁੱਕ ਸਿੰਘ, ਭਗਵੰਤ ਸਿੰਘ, ਸੰਤੋਖ ਕੌਰ ਵੇਂਈਂਪੂਈਂ, ਕਸ਼ਮੀਰ ਸਿੰਘ ਖੁਆਸਪੁਰ, ਕਸ਼ਮੀਰ ਸਿੰਘ ਗੋਇੰਦਵਾਲ, ਗੁਰਚਰਨ ਸਿੰਘ ਕੰਡਾ ਫਤਿਆਬਾਦ ਤੇ ਮੇਜਰ ਸਿੰਘ ਦਾਰਾਪੁਰ ਮੌਜੂਦ ਸਨ।





