ਨਵੀਂ ਦਿੱਲੀ : ਭਾਜਪਾ ਨੇ ਛੇ ਵਾਰ ਤੋਂ ਸਾਂਸਦ ਬਣਦੇ ਆ ਰਹੇ ਬਿ੍ਰਜ ਭੂਸ਼ਣ ਸ਼ਰਣ ਸਿੰਘ ਦੀ ਟਿਕਟ ਕੱਟ ਕੇ ਯੂ ਪੀ ਦੇ ਕੈਸਰਗੰਜ ਹਲਕੇ ਤੋਂ ਉਸ ਦੇ ਛੋਟੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਵਰਨਣਯੋਗ ਹੈ ਕਿ ਬਿ੍ਰਜ ਭੂਸ਼ਣ ਮਹਿਲਾ ਭਲਵਾਨ ਜਿਨਸੀ ਸ਼ੋਸ਼ਣ ਮਾਮਲੇ ’ਚ ਫਸਿਆ ਹੋਇਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਦਿਨੇਸ਼ ਪ੍ਰਤਾਪ ਸਿੰਘ ਨੂੰ ਰਾਏ ਬਰੇਲੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਸੋਨੀਆ ਗਾਂਧੀ ਨੇ ਦਿਨੇਸ਼ ਪ੍ਰਤਾਪ ਨੂੰ ਹਰਾ ਕੇ 2019 ’ਚ ਇਹ ਸੀਟ ਜਿੱਤੀ ਸੀ। ਸੋਨੀਆ ਨੇ 2004 ਤੋਂ 2019 ਤੱਕ ਰਾਏ ਬਰੇਲੀ ਦੀ ਨੁਮਾਇੰਦਗੀ ਕੀਤੀ ਤੇ ਹੁਣ ਉਹ ਰਾਜ ਸਭਾ ਦੀ ਮੈਂਬਰ ਹੈ। ਦਿਨੇਸ਼ ਪ੍ਰਤਾਪ 2010, 2016 ਤੇ 2022 ਵਿਚ ਯੂ ਪੀ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ। ਇਸ ਵੇਲੇ ਉਹ ਸੂਬੇ ਦੇ ਮੰਤਰੀ ਹਨ।


