ਸਟੇਸ਼ਨ ‘ਤੇ ਤਲਾਕ ਦੇ ਕੇ ਭੱਜ ਗਿਆ

0
160

ਝਾਂਸੀ : ਪਤਨੀ ਨੂੰ ਤਿੰਨ ਵਾਰ ਤਲਾਕ ਕਹਿ ਕੇ ਪਤੀ ਫਰਾਰ ਹੋ ਗਿਆ | ਇਹ ਘਟਨਾ ਝਾਂਸੀ ਰੇਲਵੇ ਜੰਕਸ਼ਨ ‘ਤੇ ਵਾਪਰੀ | ਮੁਹੰਮਦ ਅਰਸ਼ਦ (28) ਆਪਣੀ ਪਤਨੀ ਅਫਸਾਨਾ (26) ਨਾਲ ਯਾਤਰਾ ਕਰ ਰਿਹਾ ਸੀ | ਜਿਵੇਂ ਹੀ ਰੇਲ ਗੱਡੀ ਝਾਂਸੀ ਸਟੇਸ਼ਨ ‘ਤੇ ਪੁੱਜੀ, ਅਰਸ਼ਦ ਨੇ ਆਪਣੀ ਪਤਨੀ ਨੂੰ ਤਲਾਕ-ਤਲਾਕ-ਤਲਾਕ ਕਿਹਾ ਤੇ ਭੱਜ ਗਿਆ | ਉਸ ਨੇ ਭੱਜਣ ਤੋਂ ਪਹਿਲਾਂ ਪਤਨੀ ਦੀ ਕੁੱਟਮਾਰ ਵੀ ਕੀਤੀ | ਅਚਾਨਕ ਹੋਈ ਇਸ ਘਟਨਾ ਤੋਂ ਹੈਰਾਨ ਅਫਸਾਨਾ ਨੇ ਗੌਰਮਿੰਟ ਰੇਲਵੇ ਪੁਲਸ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਕਾਨਪੁਰ ਦਿਹਾਤ ‘ਚ ਪੁਖਰਾਇਣ ਵਾਪਸ ਭੇਜ ਦਿੱਤਾ, ਜਿਥੋਂ ਉਹ ਉਸ ਦਿਨ ਭੋਪਾਲ ਲਈ ਰੇਲ ਗੱਡੀ ‘ਚ ਸਵਾਰ ਹੋਈ ਸੀ | ਐੱਫ ਆਈ ਆਰ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ | ਭੋੋਪਾਲ ‘ਚ ਪ੍ਰਾਈਵੇਟ ਫਰਮ ‘ਚ ਕੰਮ ਕਰਦੇ ਕੰਪਿਊਟਰ ਇੰਜੀਨੀਅਰ ਅਰਸ਼ਦ ਨੇ 12 ਜਨਵਰੀ ਨੂੰ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਗਰੈਜੂਏਟ ਅਫਸਾਨਾ ਨਾਲ ਵਿਆਹ ਕੀਤਾ ਸੀ | ਦੋਵਾਂ ਦਾ ਵਿਆਹ ਅਖਬਾਰ ‘ਚ ਦਿੱਤੇ ਇਸ਼ਤਿਹਾਰ ਰਾਹੀਂ ਹੋਇਆ | ਪਿਛਲੇ ਹਫਤੇ ਜਦੋਂ ਇਹ ਜੋੜਾ ਅਰਸ਼ਦ ਦੇ ਪੁਖਰਾਇਣ ਸਥਿਤ ਜੱਦੀ ਘਰ ਗਿਆ ਤਾਂ ਅਫਸਾਨਾ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਅਰਸ਼ਦ ਪਹਿਲਾਂ ਹੀ ਵਿਆਹਿਆ ਹੋਇਆ ਸੀ | ਸ਼ਿਕਾਇਤ ਅਨੁਸਾਰ ਇਸ ਦੌਰਾਨ ਪਤੀ ਤੇ ਸੱਸ ਉਸ ਨੂੰ ਦਾਜ ਲਈ ਤੰਗ ਕਰਨ ਲੱਗੇ | ਇਹ ਉਦੋਂ ਤੱਕ ਜਾਰੀ ਰਿਹਾ, ਜਦੋਂ ਤੱਕ ਅਰਸ਼ਦ ਨੇ ਆਖਰਕਾਰ ਤਲਾਕ ਦਾ ਐਲਾਨ ਨਹੀਂ ਕੀਤਾ ਅਤੇ ਗਾਇਬ ਹੋ ਗਿਆ | ਵਾਇਰਲ ਹੋਈ ਇੱਕ ਵੀਡੀਓ ‘ਚ ਅਫਸਾਨਾ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੀ ਮਦਦ ਕਰਨ ਅਤੇ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਕਰਨ, ਜੋ ਔਰਤਾਂ ਨੂੰ ਤਲਾਕ ਦਿੰਦੇ ਹਨ ਤੇ ਉਨ੍ਹਾਂ ਨੂੰ ਛੱਡ ਦਿੰਦੇ ਹਨ | ਪੁਲਸ ਨੇ ਉਸ ਦੇ ਪਤੀ ਅਰਸ਼ਦ, ਉਸ ਦੇ ਮਾਮਾ ਅਕੀਲ, ਪਿਤਾ ਨਫੀਸੁਲ ਹਸਨ ਅਤੇ ਮਾਂ ਪਰਵੀਨ ਖਿਲਾਫ ਮਾਮਲਾ ਦਰਜ ਕੀਤਾ ਹੈ |

LEAVE A REPLY

Please enter your comment!
Please enter your name here