ਪੰਜਾਬ ਨੂੰ ਨਫ਼ਰਤ ਦੀ ਰਾਜਨੀਤੀ ਪ੍ਰਵਾਨ ਨਹੀਂ : ਪਰਗਟ ਸਿੰਘ

0
1

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ ਸੀ ਸੀ) ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਸ਼ਨੀਵਾਰ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕੀਤੀ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ | ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾ ਜੁਝਾਰੂ ਰਹੇ ਹਨ ਅਤੇ ਸੰਘਰਸ਼ ਕਰਨ ਵਾਲਿਆਂ ਦੀ ਕਦਰ ਕਰਦੇ ਹਨ | ਪੰਜਾਬ ਦੀ ਮਿੱਟੀ ਨੇ ਨਫ਼ਰਤ ਦੀ ਰਾਜਨੀਤੀ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰਨਗੇ |
ਉਨ੍ਹਾ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤਾਨਾਸ਼ਾਹੀ ਰਵੱਈਆ ਅਪਣਾ ਰਹੇ ਹਨ | ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਉਨ੍ਹਾ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਤਾਨਾਸ਼ਾਹੀ ਢੰਗ ਨਾਲ ਕੰਮ ਕਰ ਰਹੇ ਹਨ | ਉਨ੍ਹਾ ਦੋਸ਼ ਲਾਇਆ ਕਿ ਪੰਜਾਬ ਵਿਚ ਬਾਹਰੀ ਲੋਕਾਂ ਨੇ ਸੂਬੇ ਦੇ ਸਰੋਤਾਂ ਨੂੰ ਇਸ ਹੱਦ ਤੱਕ ਹੜੱਪ ਲਿਆ ਹੈ ਕਿ ਸਥਾਨਕ ਮੰਤਰੀਆਂ ਕੋਲ ਆਪਣੇ ਕਮਰੇ ਵੀ ਨਹੀਂ ਹਨ | ਪਰਗਟ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੇ ਮਜ਼ਾਕ ਉਡਾਉਣ ਦਾ ਸਮਾਂ ਖਤਮ ਹੋ ਗਿਆ ਹੈ ਅਤੇ ਜਨਤਾ ਹੁਣ ਸੱਚਾਈ ਨੂੰ ਸਮਝ ਗਈ ਹੈ | ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿਚ ਇਕ ‘ਗੁਲਦਸਤਾ’ (ਗੱਠਜੋੜ ਅਤੇ ਏਕਤਾ) ਬਣਾ ਰਹੇ ਹਨ, ਜਿੱਥੇ ਸਾਰੇ ਦੇਸ਼ ਦੇ ਭਵਿੱਖ ਲਈ ਮਿਲ ਕੇ ਕੰਮ ਕਰਨਗੇ | ਪੰਜਾਬ ਹਮੇਸ਼ਾ ਵਾਂਗ ਪੂਰੇ ਦੇਸ਼ ਅਤੇ ਦੁਨੀਆ ਲਈ ਇਕ ਮਿਸਾਲ ਵਜੋਂ ਉਭਰੇਗਾ | ਹਾਕੀ ਦੇ ਮੈਦਾਨ ‘ਤੇ ਆਪਣੀ ਖੇਡ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾ ਕਿਹਾ ਕਿ ਜਿਵੇਂ ਹਾਕੀ ਵਿਚ ਆਖਰੀ 15 ਮਿੰਟਾਂ ਵਿਚ ਗੋਲ ਕਰਕੇ ਮੈਚ ਜਿੱਤੇ ਜਾਂਦੇ ਹਨ, ਉਸੇ ਤਰ੍ਹਾਂ ਸਾਡੀ ਟੀਮ ਵੀ ਆਖਰੀ ਪਲਾਂ ਵਿਚ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਲਗਾ ਕੇ ਜਿੱਤ ਲਈ ਯਤਨਸ਼ੀਲ ਰਹੇਗੀ | ਸਾਡੀ ਟੀਮ ਵਿਚ ਸਿਖਰ ‘ਤੇ ਇਕ ਜੁਝਾਰੂ ਲੀਡਰਸ਼ਿਪ ਹੈ ਅਤੇ ਹੇਠਾਂ ਮਿਹਨਤੀ ਖਿਡਾਰੀ ਹਨ | ਉਨ੍ਹਾ ਕਿਹਾ ਕਿ ਉਹ ਅਗਲੇ ਇੱਕ-ਦੋ ਦਿਨਾਂ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਵੀ ਮਿਲਣਗੇ |