ਹਾਕੀ, ਕੁਸ਼ਤੀ, ਕ੍ਰਿਕਟ, ਗੋਲਫ ਤੇ ਤੀਰਅੰਦਾਜ਼ੀ ‘ਚ ਸੋਨ ਤਮਗੇ

0
6

ਨਗੋਆ : ਏਸ਼ੀਅਨ ਖੇਡਾਂ ਦੇ ਹਾਕੀ ਦੇ ਫਾਈਨਲ ਮੈਚ ਵਿਚ ਭਾਰਤ ਨੇ ਮਲੇਸ਼ੀਆ ਵਿਰੁੱਧ 5-1 ਨਾਲ ਜਿੱਤ ਦਰਜ ਕਰਕੇ ਸੋਨੇ ਦਾ ਤਮਗਾ ਜਿੱਤਿਆ | ਭਾਰਤੀ ਖਿਡਾਰੀ ਪੂਰੇ ਮੈਚ ਦੌਰਾਨ ਮਲੇਸ਼ੀਆ ਦੇ ਖਿਡਾਰੀਆਂ ਉਪਰ ਹਾਵੀ ਰਹੇ | ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਟੀਮ ਨੇ ਆਪਣੇ ਸੋਨ ਤਮਗੇ ਦਾ ਸਫਲਤਾਪੂਰਵਕ ਬਚਾਅ ਕੀਤਾ | ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਜਦੋਂ ਕਿ ਜੁਗਰਾਜ ਸਿੰਘ, ਸ਼ਿਲਾਨੰਦ ਲਾਕੜਾ ਅਤੇ ਹਾਰਦਿਕ ਸਿੰਘ ਨੇ ਇੱਕ-ਇੱਕ ਗੋਲ ਕੀਤਾ | ਮਲੇਸ਼ੀਆ ਨੇ ਪਹਿਲੇ ਦੋ ਕੁਆਰਟਰਾਂ ਵਿੱਚ ਥੋੜ੍ਹਾ ਸੰਘਰਸ਼ ਕੀਤਾ, ਪਰ ਆਖਰੀ ਦੋ ਵਿੱਚ ਉਨ੍ਹਾਂ ਦੇ ਹੌਸਲੇ ਪਸਤ ਹੋ ਗਏ | ਭਾਰਤੀ ਭਲਵਾਨ ਅਮਨ ਸਹਿਰਾਵਤ ਨੇ ਏਸ਼ੀਆਈ ਖੇਡਾਂ ਵਿਚ ਮਰਦਾਂ ਦੇ 57 ਕਿਲੋਗ੍ਰਾਮ ਭਾਰ ਵਰਗ ਵਿਚ ਫ੍ਰੀ ਸਟਾਈਲ ਕੁਸ਼ਤੀ ‘ਚ ਸੋਨੇ ਦਾ ਤਮਗਾ ਜਿੱਤਿਆ | ਫਾਈਨਲ ਵਿਚ ਉਸ ਨੇ ਵਿਸ਼ਵ ਚੈਂਪੀਅਨ ਚੋਂਗ ਸੋਂਗ ਹੈਨ ਨੂੰ 11-7 ਨਾਲ ਮਾਤ ਦਿੱਤੀ | ਏਸ਼ੀਆਈ ਖੇਡਾਂ ਦੇ ਪੁਰਸ਼ ਕਿ੍ਕਟ ਮੁਕਾਬਲੇ ਦੇ ਫ਼ਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂਅ ਕਰ ਲਿਆ | ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 211 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ | ਭਾਰਤ ਵੱਲੋਂ ਅਭਿਸ਼ੇਕ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 28 ਗੇਂਦਾਂ ਵਿੱਚ 61 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦ ਕਿ ਉਪ ਕਪਤਾਨ ਤਿਲਕ ਵਰਮਾ ਨੇ 22 ਗੇਂਦਾਂ ਵਿੱਚ ਨਾਬਾਦ 51 ਦੌੜਾਂ ਬਣਾਈਆਂ | ਇਸ ਤੋਂ ਇਲਾਵਾ ਸ਼ਿਵਮ ਦੂਬੇ ਨੇ 27 ਅਤੇ ਸ਼੍ਰੇਅਸ ਅਈਅਰ ਨੇ 21 ਦੌੜਾਂ ਦਾ ਯੋਗਦਾਨ ਪਾਇਆ | 212 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ 20 ਓਵਰਾਂ ਵਿੱਚ 6 ਵਿਕਟਾਂ ‘ਤੇ 192 ਦੌੜਾਂ ਹੀ ਬਣਾ ਸਕੀ | ਪਾਕਿਸਤਾਨ ਲਈ ਹਸਨ ਨਵਾਜ਼ ਨੇ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ |
2026 ਦੀਆਂ ਏਸ਼ੀਆਈ ਖੇਡਾਂ ਵਿੱਚ ਗੋਲਫ਼ ‘ਚ ਗੋਲਡ ਮੈਡਲ ਜਿੱਤ ਕੇ ਪ੍ਰਣਵੀ ਉਰਸ ਨੇ ਨਵਾਂ ਇਤਿਹਾਸ ਰਚਿਆ ਹੈ | ਮੈਸੂਰ ਦੀ ਰਹਿਣ ਵਾਲੀ ਪ੍ਰਣਵੀ, ਏਸ਼ੀਆਈ ਖੇਡਾਂ ਵਿੱਚ ਗੋਲਫ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ |
ਕੁਮਕੁਮ ਮੋਹੋਦ ਨੇ ਔਰਤਾਂ ਦੀ ਰੀਕਰਵ ਤੀਰਅੰਦਾਜ਼ੀ ‘ਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ | ਉਹ ਵਿਅਕਤੀਗਤ ਤੀਰਅੰਦਾਜ਼ੀ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ |
ਸ਼ਨੀਵਾਰ 5 ਸੋਨ ਤਮਗੇ ਜਿੱਤ ਕੇ ਕੁਲ 85 ਤਮਗਿਆਂ ਨਾਲ ਭਾਰਤ ਤਮਗੇ ਜੇਤੂ ਦੇਸ਼ਾਂ ਦੀ ਸੂਚੀ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ | ਇਨ੍ਹਾਂ ਵਿਚ 21 ਸੋਨੇ, 27 ਚਾਂਦੀ ਤੇ 37 ਕਾਂਸੀ ਦੇ ਤਮਗੇ ਸ਼ਾਮਲ ਹਨ |