22.1 C
Jalandhar
Thursday, October 17, 2024
spot_img

ਮਿਹਨਤਕਸ਼ਾਂ ਦੇ ਕਰਜ਼ੇ ਮੁਆਫ਼ ਕਰਨ ਲਈ ਲੋਕ ਸਭਾ ’ਚ ਆਵਾਜ਼ ਉਠਾਵਾਂਗੇ : ਗੁਰਦਿਆਲ

ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ (ਸੀ ਪੀ ਆਈ ਐੱਮ) ਦੇ ਖਡੂਰ ਸਾਹਿਬ ਹਲਕੇ ਦੇ ਸਾਂਝੇ ਉਮੀਦਵਾਰ ਦੇ ਹੱਕ ’ਚ ਕੋਟ ਧਰਮ ਚੰਦ ਵਿਖੇ ਪਬਲਿਕ ਮੀਟਿੰਗ ਸੁਖਦੇਵ ਸਿੰਘ ਕੋਟ ਦੀ ਅਗਵਾਈ ਤੇ ਗੁਲਜ਼ਾਰ ਸਿੰਘ, ਬਲਵਿੰਦਰ ਸਿੰਘ ਤੇ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ’ਚ ਉਚੇਚੇ ਤੌਰ ’ਤੇ ਉਮੀਦਵਾਰ ਗੁਰਦਿਆਲ ਸਿੰਘ ਵੀ ਪਹੁੰਚੇ। ਉਨ੍ਹਾ ਸੰਬੋਧਨ ਦੌਰਾਨ ਕਿਹਾ ਕਿ ਇਸ ਹਲਕੇ ’ਚ ਇੱਕ ਕਿਰਤੀਆਂ ਦਾ ਉਮੀਦਵਾਰ ਹੈ ਤੇ ਮੁਕਾਬਲੇ ’ਚ ਲੈਂਡਲਾਰਡ ਅਤੇ ਅੰਨ੍ਹੀ ਧਨ-ਦੌਲਤ ਵਾਲੇ ਉਮੀਦਵਾਰ ਹਨ, ਜਿਨ੍ਹਾਂ ਕੋਲ ਦੌਲਤ ਦੇ ਭੰਡਾਰ ਹਨ, ਜਿਨ੍ਹਾਂ ਦਾ ਕੰਮ ਹੈ ਕਿ ਉਹ ਪਹਿਲਾਂ ਵੀ ਲੋਕਾਂ ਦੀ ਲੁੱਟ ਕਰਦੇ ਆ ਰਹੇ ਹਨ ਤੇ ਜੇ ਉਹ ਚੋਣ ਜਿੱਤ ਜਾਂਦੇ ਹਨ, ਫਿਰ ਉਨ੍ਹਾਂ ਮਿਹਨਤਕਸ਼ ਆਵਾਮ ਦੀ ਵਧੇਰੇ ਲੁੱਟ ਕਰਨੀ ਹੈ।ਉਹ ਇਕੱਲੀ ਲੁੱਟ ਹੀ ਨਹੀਂ ਕਰਦੇ, ਉਹ ਮਜ਼ਦੂਰਾਂ-ਕਿਸਾਨਾਂ ਦੀ ਕੁੱਟ ਵੀ ਕਰਦੇ ਹਨ। ਅਜਿਹੇ ਉਮੀਦਵਾਰ ਜਨਤਾ ਦੀ ਭਲਾਈ ਨਹੀਂ ਕਰ ਸਕਦੇ, ਇਹ ਤਾਂ ਜਨਤਾ ਦਾ ਕਚੂੰਬਰ ਕੱਢਣ ਵਾਸਤੇ ਚੋਣ ਲੜ ਰਹੇ ਹਨ।ਉਨ੍ਹਾ ਕਿਹਾ ਜੇ ਤੁਸੀਂ ਮੈਨੂੰ ਪਾਰਲੀਮੈਂਟ ’ਚ ਪਹੁੰਚਾਉਂਦੇ ਹੋ ਤਾਂ ਜਿਸ ਤਰ੍ਹਾਂ ਹੁਣ ਜਨਤਾ ਦੀ ਸੇਵਾ ਕਰ ਰਿਹਾ ਹਾਂ, ਪਾਰਲੀਮੈਂਟ ਦਾ ਮੈਂਬਰ ਬਣਨ ਤੋਂ ਬਾਅਦ ਕਿਤੇ ਵੱਧ ਲੁਕਾਈ ਦੀ ਸੇਵਾ ਕਰਾਂਗਾ।ਇਸ ਲਈ ਇੱਕ ਜੂਨ ਵਾਲੇ ਦਿਨ ਦਾਤਰੀ ਸਿੱਟੇ ਨੂੰ ਵੋਟਾਂ ਪਾ ਕੇ ਮੈਨੂੰ ਕਾਮਯਾਬ ਬਣਾਓ।
ਇਸ ਮੌਕੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ ਤੇ ਕਿਸਾਨ ਆਗੂ ਬਲਕਾਰ ਸਿੰਘ ਵਲਟੋਹਾ ਨੇ ਕਿਹਾ ਕਿ ਗੁਰਦਿਆਲ ਸਿੰਘ ਲੋਕ ਸਭਾ ’ਚ ਪਹੁੰਚ ਕੇ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਤੇ ਛੋਟੇ ਕਾਰਖਾਨੇਦਾਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਆਵਾਜ਼ ਲਾਮਬੰਦ ਕਰਨਗੇ। ਉਨ੍ਹਾ ਕਿਹਾ ਕਿ ਜੇ ਭਾਜਪਾ ਦੀ ਹਕੂਮਤ ਵੱਡੇ-ਵੱਡੇ ਧਨਾਢਾਂ ਦੇ ਕਰਜ਼ੇ ਚੁੱਪ ਕੀਤਿਆਂ ਹੀ ਮੁਆਫ਼ ਕਰ ਦਿੰਦੀ ਹੈ ਤੇ ਆਮ ਲੋਕਾਂ ਦੇ ਕਿਉ ਨਹੀਂ ਕੀਤੇ ਜਾਂਦੇ। ਮਿਹਨਤਕਸ਼ਾਂ ਦੇ ਇਕੱਲੇ ਕਰਜ਼ੇ ਹੀ ਮੁਆਫ਼ ਨਹੀਂ ਹੋਣੇ ਚਾਹੀਦੇ, ਸਗੋਂ ਅੱਗੇ ਤੋਂ ਉਨ੍ਹਾਂ ਨੂੰ ਕਰਜ਼ੇ ਲੈਣ ਦੀ ਲੋੜ ਹੀ ਨਾ ਪਵੇ, ਉਨ੍ਹਾਂ ਦੇ ਧੀਆਂ-ਪੁੱਤਰਾਂ ਨੂੰ ਰੁਜ਼ਗਾਰ ਦੇਣ ਵਾਸਤੇ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ’ ਕਾਨੂੰਨ ਸੰਸਦ ਵਿੱਚ ਪਾਸ ਕਰਕੇ ਹਰੇਕ ਨੌਜਵਾਨ ਨੂੰ ਸਰਕਾਰੀ ਨੌਕਰੀ ਭਾਵ ਕੰਮ ਦੇਣਾ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ।ਹਰੇਕ ਬੱਚੇ ਨੂੰ 10+2 ਤੱਕ ਵਿਦਿਆ ਮੁਫ਼ਤ ਤੇ ਲਾਜ਼ਮੀ ਦੇਣੀ ਜ਼ਰੂਰੀ ਤੇ ਯਕੀਨੀ ਬਣਾਈ ਜਾਵੇ। ਉਕਤ ਮੰਗਾਂ ਦੀ ਪੂਰਤੀ ਤੋਂ ਇਲਾਵਾ ਨਰੇਗਾ ਕੰਮ ਸਾਲ ’ਚ ਘੱਟੋ-ਘੱਟ 200 ਦਿਨ ਤੇ ਦਿਹਾੜੀ 1000 ਰੁਪਏ ਕਰਨ ਨਾਲ ਕਿਰਤੀਆਂ ਦੇ ਘਰਾਂ ’ਚ ਖੁਸ਼ਹਾਲੀ ਪਰਤੇਗੀ।ਗੁਰਦਿਆਲ ਸਿੰਘ ਉਕਤ ਮਸਲਿਆਂ ਲਈ ਲੋਕ ਸਭਾ ਦੇ ਅੰਦਰ ਆਵਾਜ ਲਾਮਬੰਦ ਕਰਨਗੇ।ਇਸ ਲਈ ਇੱਕ ਜੂਨ ਵਾਲੇ ਦਿਨ ਦਾਤਰੀ ਸਿੱਟੇ ਦਾ ਬਟਨ ਦਬਾ ਕੇ ਗੁਰਦਿਆਲ ਸਿੰਘ ਖਡੂਰ ਸਾਹਿਬ ਨੂੰ ਕਾਮਯਾਬ ਬਣਾਓ।ਇਸ ਮੌਕੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਸੋਹਲ ਤੇ ਦਰਸ਼ਨ ਸਿੰਘ ਬਿਹਾਰੀਪੁਰ ਨੇ ਵੀ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles