ਕੌਣ ਲੋਕ-ਪੱਖੀ ਤੇ ਕੌਣ ਲੋਕ-ਵਿਰੋਧੀ ਦਾ ਨਿਬੇੜਾ ਅਮਲਾਂ ਨਾਲ ਹੁੰਦੈ : ਜਗਰੂਪ

0
118

ਮੋਗਾ (ਇਕਬਾਲ ਸਿੰਘ)
ਭਾਰਤੀ ਕਮਿਊਨਿਸਟ ਪਾਰਟੀ ਦੇ ਦਫ਼ਤਰ ਕਾਮਰੇਡ ਗੁਰਬਖਸ਼ ਸਿੰਘ ਭਵਨ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਪਿ੍ਰੰਸੀਪਲ ਗੁਰਚਰਨ ਸਿੰਘ ਭਲੂਰ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ।ਪਾਰਟੀ ਦੇ ਪ੍ਰਮੁੱਖ ਆਗੂ ਜਗਰੂਪ ਸਿੰਘ ਨੇ ਚੋਣ ਦਫਤਰ ਦਾ ਉਦਘਾਟਨ ਕਰਨ ਉਪਰੰਤ ਪਾਰਟੀ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕੀਤਾ।ਉਨ੍ਹਾ ਕਿਹਾ ਕਿ ਸਭ ਰਾਜਨੀਤਕ ਪਾਰਟੀਆਂ ਆਪਣੇ-ਆਪ ਨੂੰ ਲੋਕ ਪੱਖੀ ਹੋਣ ਦਾ ਦਾਅਵਾ ਕਰਦੀਆਂ ਹਨ।ਕੇਂਦਰ ’ਚ ਰਾਜ ਕਰਨ ਵਾਲੀ ਪਾਰਟੀ ਦੇ ਦਸ ਸਾਲਾਂ ਦੇ ਰਾਜ ਦੌਰਾਨ ਬੇਰੁਜ਼ਗਾਰਾਂ ਦੀ ਗਿਣਤੀ 83 ਕਰੋੜ ਨੂੰ ਪਾਰ ਕਰ ਗਈ ਹੈ।ਮਹਿੰਗਾਈ ਕਾਰਨ ਡੀਜ਼ਲ, ਪੈਟਰੋਲ, ਗੈਸ ਅਤੇ ਖਾਧ ਪਦਾਰਥਾਂ ਦੀਆਂ ਸਿਖਰਾਂ ਛੂਹ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ।ਘਟ ਰਹੀਆਂ ਉਜਰਤਾਂ ਕਾਰਨ ਕਰਜ਼ੇ ਦਾ ਜਾਲ ਦਿਨੋ-ਦਿਨ ਸੰਘਣਾ ਹੁੰਦਾ ਜਾ ਰਿਹਾ ਹੈ, ਜਿਸ ਨੇ ਪੇਂਡੂ ਗਰੀਬ ਔਰਤਾਂ ਤੱਕ ਨੂੰ ਵੀ ਆਪਣੇ ਜਾਲ ਵਿੱਚ ਵਲ਼ ਲਿਆ ਹੈ। ਪੰਜਾਬ ’ਚ ਸੱਤਾਧਾਰੀ ਧਿਰ ਵਿਰੋਧੀ ਧਿਰਾਂ ਦੇ ਨੁਕਸਾਂ, ਕਮੀਆਂ ’ਤੇ ਕਟਾਖ਼ਸ਼ ਕਰਨ ਤੱਕ ਉਲਝ ਕੇ ਰਹਿ ਗਈ ਹੈ।ਸੂਬੇ ਅੰਦਰ ਅਪਰਾਧ, ਨਸ਼ੇ, ਖੁਦਕੁਸ਼ੀਆਂ ਦਾ ਦੌਰ ਨਿਰੰਤਰ ਜਾਰੀ ਹੈ। ਪਿਛਲੇ ਵੀਹ ਸਾਲਾਂ ਦੌਰਾਨ ਉਜਾੜੇ ਪਬਲਿਕ ਸੈਕਟਰ ਕਾਰਨ ਲੋਕਾਂ ਤੋਂ ਪੜ੍ਹਾਈ, ਦਵਾਈ, ਕਮਾਈ ਆਦਿ ਦਾ ਲੜ ਛੁੱਟ ਗਿਆ ਹੈ।ਇਹ ਸਾਰਾ ਅਮਲ ਦੱਸਦਾ ਹੈ ਕਿ ਉਕਤ ਪਾਰਟੀਆਂ ਲੋਕ-ਵਿਰੋਧੀ ਹਨ।ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਪਾਰਟੀ ਵਰਕਰਾਂ ਨੂੰ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦਿਆਂ ਦੱਸਿਆ ਕਿ ਕਮਿਊਨਿਸਟ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਪਿ੍ਰੰਸੀਪਲ ਗੁਰਚਰਨ ਸਿੰਘ ਭਲੂਰ ਸਭ ਤੋਂ ਵੱਧ ਪੜ੍ਹੇ-ਲਿਖੇ ਉਮੀਦਵਾਰ ਹਨ।ਉਹ ਸੇਵਾ-ਮੁਕਤ ਹੋਣ ਉਪਰੰਤ ਵੀ ਲਗਾਤਾਰ ਲੋਕ ਘੋਲਾਂ ਦਾ ਹਿੱਸਾ ਬਣੇ ਹੋਏ ਹਨ।ਸਾਥੀ ਭੋਲਾ ਨੇ ਦੱਸਿਆ ਕਿ 9 ਮਈ ਨੂੰ ਫਰੀਦਕੋਟ ਵਿਖੇ ਕਾਮਰੇਡ ਗੁਰਚਰਨ ਸਿੰਘ ਭਲੂਰ ਪ੍ਰਭਾਵਸ਼ਾਲੀ ਇਕੱਠ ਨਾਲ ਫਰੀਦਕੋਟ ਵਿਖੇ ਕਾਗਜ਼ ਦਾਖਲ ਕਰਨਗੇ।ਮੀਟਿੰਗ ਨੂੰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸੁਖਦੇਵ ਸਿੰਘ ਭੋਲਾ, ਗੁਰਦਿੱਤ ਸਿੰਘ ਦੀਨਾ, ਡਾ. ਇੰਦਰਬੀਰ ਗਿੱਲ, ਸੁਖਜਿੰਦਰ ਸਿੰਘ ਮਹੇਸਰੀ, ਕੁਲਵੰਤ ਸਿੰਘ ਸਰਪੰਚ, ਇੰਦਰਜੀਤ ਸਿੰਘ ਦੀਨਾ, ਮੰਗਤ ਰਾਏ, ਸਿਕੰਦਰ ਸਿੰਘ ਮਧੇਕੇ, ਚਰੰਜੀ ਲਾਲ, ਸਤਵੰਤ ਸਿੰਘ ਖੋਟੇ, ਮੁਕੰਦ ਸਿੰਘ ਕੁੱਸਾ, ਗੁਰਪ੍ਰੀਤ ਕੌਰ ਬੀੜ ਰਾਊਕੇ, ਬੂਟਾ ਸਿੰਘ ਰਾਊਕੇ, ਲੋਕ ਰਾਜ ਧੂੜਕੋਟ, ਲਛਮਣ ਸਿੰਘ ਸੈਦੋਕੇ, ਮਿੱਠੂ ਸਿੰਘ ਗਾਜੀਆਣਾ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here