ਚੰਡੀਗੜ੍ਹ : ਪਦਮਸ੍ਰੀ ਸੁਰਜੀਤ ਪਾਤਰ ਦੇ ਅਚਾਨਕ ਦਿਹਾਂਤ ਉਤੇ ਸਾਰਾ ਪੰਜਾਬ, ਸਾਰੇ ਪੰਜਾਬ ਹਿਤੈਸ਼ੀ, ਪੰਜਾਬੀ ਸਾਹਿਤ ਦੇ ਸਨੇਹੀ ਅਤੇ ਲੋਕਾਂ ਲਈ ਲਿਖਣ ਤੇ ਪਿਆਰਨ ਵਾਲੇ ਲੇਖਕ ਸਦਮੇ ਵਿਚ ਆ ਗਏ ਹਨ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਸੁਰਜੀਤ ਪਾਤਰ ਦੇ ਸਦੀਵੀ ਵਿਛੋੜੇ ਨੂੰ ਅਸਹਿ ਆਖਦਿਆਂ ਕਿਹਾ ਕਿ ਪੰਜਾਬੀਆਂ ਨੂੰ ਬੁਰੀਆਂ ਨਜ਼ਰਾਂ ਤੋਂ ਬਚਾਉਣ ਲਈ ਕਵਿਤਾ ਦੀਆਂ ਮਿਰਚਾਂ ਵਾਰਨ ਵਾਲੀ, ਹਨੇਰਿਆਂ ਖਿਲਾਫ ਮੋਮਬੱਤੀਆਂ ਜਗਾਉਣ ਵਾਲੀ ਅਤੇ ਚੁੱਪ ਨਾ ਰਹਿਣ ਦਾ ਹੋਕਾ ਦੇਣ ਵਾਲੀ, ਭਾਵੇਂ ਇਸ ਬਦਲੇ ਹਨੇਰਾ ਕੋਈ ਵੀ ਕਦਮ ਚੁੱਕੇ, ਕਲਮ ਭਾਵੇਂ ਚੁੱਪ ਹੋ ਗਈ ਹੈ, ਪਰ ਉਹ ਸਦਾ ਪੰਜਾਬੀ ਦਿਲਾਂ ਵਿਚ ਧੜਕਦੀ ਰਹੇਗੀ ਤੇ ਉਹਨਾਂ ਨੂੰ ਉਭਾਰਦੀ ਰਹੇਗੀ। ਸਾਰੀ ਪਾਰਟੀ ਅਤੇ ਸੂਬਾ ਕੌਂਸਲ ਵੱਲੋਂ ਸ੍ਰੀ ਬਰਾੜ ਨੇ ਸੁਰਜੀਤ ਪਾਤਰ ਦੇ ਪਰਵਾਰ ਅਤੇ ਲੇਖਕਾਂ ਨਾਲ ਦੁੱਖ ਸਾਂਝਾ ਕੀਤਾ ਹੈ। ‘ਸਾਡਾ ਜੁਗ’ ਦੇ ਮੁੱਖ ਸੰਪਾਦਕ ਭੁਪਿੰਦਰ ਸਾਂਬਰ, ਸੰਪਾਦਕ ਗੁਰਨਾਮ ਕੰਵਰ ਅਤੇ ਚੰਡੀਗੜ੍ਹ ਪੰਜਾਬੀ ਮੰਚ ਦੇ ਆਗੂ ਦੇਵੀ ਦਿਆਲ ਸ਼ਰਮਾ ਨੇ ਵੀ ਮਹਾਨ ਕਵੀ ਦੇ ਵਿਛੋੜੇ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ।




