ਕਪੂਰਥਲਾ : ਸੀ ਪੀ ਆਈ ਤੇ ਸੀ ਪੀ ਐੱਮ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਗੁਰਦਿਆਲ ਸਿੰਘ ਦੇ ਹੱਕ ’ਚ ਵਿਧਾਨ ਸਭਾ ਹਲਕਾ ਕਪੂਰਥਲਾ ਦੀ ਮੀਟਿੰਗ ਸੀ ਪੀ ਆਈ ਦਫਤਰ ਕਪੂਰਥਲਾ ਵਿਖੇ ਕਰਾਈ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਦਿਆਲ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਹਾਰੇ ਹੋਏ ਲੜ ਰਹੇ ਹਨ ਤੇ ਸਾਡਾ ਮੁਕਬਲਾ ਆਪ ਨਾਲ ਹੈ, ਇਸ ਲਈ ਅਕਾਲੀ ਤੇ ਕਾਂਗਰਸ ਦੇ ਵੋਟਰਾਂ ਨੂੰ ਪੁਰਜ਼ੋਰ ਅਪੀਲ ਹੈ ਕਿ ਆਪਣੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਖਰਾਬ ਨਾ ਕਰਨ, ਜੇ ਆਪ ਤੋਂ ਹਾਰ ਦਾ ਬਦਲਾ ਲੈਣਾ ਹੈ ਤਾਂ ਵੋਟਾਂ ਦਾਤਰੀ ਸਿੱਟੇ ਨੂੰ ਪਾ ਕੇ ਕਾਮਯਾਬ ਕਰਨ। ਮੈਂ ਲੋਕ ਸਭਾ ਵਿੱਚ ਜਾ ਕੇ ਬਿਨਾਂ ਵਿਤਕਰੇ ਤੋਂ ਸਾਰੀਆਂ ਰਾਜਨੀਤਕ ਧਿਰਾਂ ਦੇ ਵਰਕਰਾਂ ਦੇ ਕੰਮ ਕਰਾਂਗਾ। ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਗੁਰਦਿਆਲ ਸਿੰਘ ਲੋਕ ਸਭਾ ਵਿੱਚ ਪਹੁੰਚ ਕੇ ਹਰੇਕ ਵਿਅਕਤੀ ਦੇ ਰੁਜਗਾਰ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਉਣ ਵਾਸਤੇ ਜ਼ੋਰ ਦੇਵੇਗਾ, ਕਿਉਂਕਿ ਇਸ ਕਾਨੂੰਨ ਰਾਹੀਂ 18 ਸਾਲ ਦੀ ਉਮਰ ਤੋਂ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਬਾਰ੍ਹਵੀਂ ਜਮਾਤ ਤੱਕ ਹਰੇਕ ਬੱਚੇ ਲਈ ਮੁਫਤ ਤੇ ਲਾਜ਼ਮੀ ਵਿਦਿਆ ਨੂੰ ਯਕੀਨੀ ਬਣਾਇਆ ਜਾਵੇਗਾ। ਹਰੇਕ ਮਨੁੱਖ ਲਈ ਘਰ ਬਣਾ ਕੇ ਦਿੱਤੇ ਜਾਣਗੇ। ਸਿਹਤ ਦੇ ਇਲਾਜ ਦੇ ਪ੍ਰਬੰਧ ਮੁਫਤ ਕੀਤੇ ਜਾਣਗੇ। ਕਿਰਤੀਆਂ ਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਆਵਾਜ਼ ਉਠਾਈ ਜਾਵੇਗੀ। ਅੰਗਹੀਣ, ਬੁਢਾਪਾ, ਵਿਧਵਾ ਤੇ ਬੇਸਹਾਰਿਆਂ ਲਈ ਪੈਨਸ਼ਨ ਘੱਟੋ-ਘੱਟ ਉਜਰਤ ਦੇ ਬਰਾਬਰ ਤੇ ਮਿਲਣ ਵਿੱਚ ਲਗਾਤਾਰਤਾ ਕਾਇਮ ਕੀਤੀ ਜਾਵੇਗੀ। ਦਰਿਆਵਾਂ ਨਾਲ ਲਗਦੇ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਅਤੇ ਹੜ੍ਹਾਂ ਨਾਲ ਪੈਲੀਆਂ ਵਿੱਚ ਚੜ੍ਹੀ ਰੇਤਾ ਉਨ੍ਹਾਂ ਨੂੰ ਕੱਢਣ ਤੇ ਵੇਚਣ ਦੀ ਖੁੱਲ੍ਹ ਦਿੱਤੀ ਜਾਵੇਗੀ। ਨਾਲਿਆਂ ਵਿੱਚ ਕਾਰਖਾਨਿਆਂ ਦਾ ਆ ਰਿਹਾ ਗੰਦਾ ਪਾਣੀ ਬੰਦ ਕੀਤਾ ਜਾਵੇਗਾ, ਕਿਉਂਕਿ ਇਹ ਪਾਣੀ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰ ਰਿਹਾ ਹੈ ਤੇ ਲੋਕ ਇਹ ਪਾਣੀ ਪੀਣ ਨਾਲ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਕਤ ਮਸਲਿਆਂ ਦੀ ਆਵਾਜ਼ ਲੋਕ ਸਭਾ ਵਿੱਚ ਉਠਾਉਣ ਤੇ ਇਹ ਮਸਲੇ ਹੱਲ ਕਰਨ ਲਈ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਨੂੰ ਵੋਟਾਂ ਪਾ ਕੇ ਗੁਰਦਿਆਲ ਸਿੰਘ ਨੂੰ ਕਾਮਯਾਬ ਕਰੋ। ਇਸ ਮੌਕੇ ਸੀ ਪੀ ਆਈ ਜ਼ਿਲ੍ਹਾ ਕਪੂਰਥਲਾ ਦੇ ਸਕੱਤਰ ਜੈਪਾਲ ਸਿੰਘ ਫਗਵਾੜਾ, ਕਿਸਾਨ ਆਗੂ ਤਿਰਲੋਕ ਸਿੰਘ ਭਬਿਆਣਾ, ਟਰੇਡ ਯੂਨੀਅਨ ਆਗੂ ਮੁਕੰਦ ਸਿੰਘ, ਕਿ੍ਰਸ਼ਨ ਲਾਲ ਕੌਸ਼ਲ, ਬਲਦੇਵ ਸਿੰਘ ਧੂੰਦਾ, ਬਲਵੰਤ ਸਿੰਘ ਔਜਲਾ, ਮਹਿੰਦਰ ਸਿੰਘ ਸੁਭਾਨਪੁਰ ਤੇ ਕੁਲਵੰਤ ਸਿੰਘ ਪੰਚਾਇਤ ਮੈਂਬਰ ਖਡੂਰ ਸਾਹਿਬ ਨੇ ਵੀ ਸੰਬੋਧਨ ਕੀਤਾ।





