ਭਿੱਖੀਵਿੰਡ : ਕਾਮਰੇਡ ਗੁਰਦਿਆਲ ਸਿੰਘ ਨੇ ਵਿਧਾਨ ਸਭਾ ਖੇਮਕਰਨ ਦੇ ਭਿੱਖੀਵਿੰਡ ਇਲਾਕੇ ਵਿੱਚ ਤੂਫਾਨੀ ਦੌਰੇ ਦੌਰਾਨ ਕਾਮਰੇਡ ਜਸਵੰਤ ਦੇ ਪਿੰਡ ਸੂਰਵਿੰਡ, ਖਾਲੜਾ ਦਾਣਾ ਮੰਡੀ, ਮਾੜੀਮੇਘਾ, ਮਾੜੀ ਕੰਬੋਕੇ, ਸਿੱਧਵਾਂ ਤੇ ਛੋਟਾ ਭਗਵਾਨਪੁਰਾ ਵਿਖੇ ਮੀਟਿੰਗਾਂ ਕਰਕੇ ਕਿਰਤੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਵਾਲਾ ਬਟਨ ਦਬਾ ਕੇ ਮੈਨੂੰ ਕਾਮਯਾਬ ਕਰਨ।
ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਆਪ, ਕਾਂਗਰਸ ਤੇ ਅਕਾਲੀ ਵੋਟਾਂ ਲੈਣ ਦੇ ਹੱਕਦਾਰ ਹੀ ਨਹੀਂ ਹਨ, ਕਿਉਂਕਿ ਇਹ ਵਪਾਰੀਆਂ, ਧਨਾਢਾਂ ਤੇ ਲੁਟੇਰਿਆਂ ਦੀ ਹਮਾਇਤ ਕਰਨ ਵਾਲੀਆਂ ਪਾਰਟੀਆਂ ਹਨ। ਦੇਸ਼ ਦੀ ਆਜਾਦੀ ਤੋਂ ਬਾਅਦ ਇਹ ਪਾਰਟੀਆਂ ਹਿੰਦੁਸਤਾਨ ਦੀ ਸਰਕਾਰ ’ਤੇ ਕਾਬਜ਼ ਰਹੀਆਂ ਹਨ। ਇਨ੍ਹਾਂ ਦੇਸ਼ ਦੀ ਆਜ਼ਾਦੀ ਦੇ ਰਹਿਬਰਾਂ ਭਾਵੇਂ ਉਹ ਕਾਂਗਰਸੀ, ਅਕਾਲੀ, ਗਦਰੀ ਤੇ ਭਗਤ ਦੀ ਇਨਕਲਾਬੀ ਪਾਰਟੀ ਦੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸੂਰਮੇ ਹੋਣ, ਉਨ੍ਹਾਂ ਦੀ ਸੋਚ ਨੂੰ ਵਿਸਾਰਿਆ ਹੈ। ਉਕਤ ਦੇਸ਼ ਭਗਤਾਂ ਜ਼ਾਲਮ ਅੰਗਰੇਜ਼ੀ ਹਕੂਮਤ ਨਾਲ ਲੜਦਿਆਂ ਸ਼ਹੀਦੀਆਂ ਇਸ ਕਰਕੇ ਦਿੱਤੀਆਂ ਸਨ ਕਿ ਦੇਸ਼ ਦੀ ਆਜਾਦੀ ਤੋਂ ਬਾਅਦ ਗਰੀਬੀ ਦੀ ਜਗ੍ਹਾ ਹਰ ਵਿਅਕਤੀ ਨੂੰ ਖੁਸ਼ਹਾਲੀ ਭਰਿਆ ਰਾਜਪ੍ਰਬੰਧ ਮੁਹੱਈਆ ਕੀਤਾ ਜਾਵੇਗਾ। ਹਰੇਕ ਨੌਜਵਾਨ ਨੂੰ ਰੁਜ਼ਗਾਰ ਮਿਲੇਗਾ। ਇਸ ਸੋਚ ਨੂੰ ਲੈ ਕੇ ਗਦਰੀ ਬਾਬੇ ਵਿਦੇਸ਼ਾਂ ਵਿੱਚ ਕਿਰਤ ਕਮਾਈ ਨੂੰ ਠੁਕਰਾ ਕੇ ਸਾਰਿਆਂ ਲਈ ਖੁਸ਼ਹਾਲੀ ਭਰਿਆ ਸਮਾਜ ਬਣਾਉਣ ਵਾਸਤੇ ਹਿੰਦੁਸਤਾਨ ਆਏ ਸਨ। ਹਿੰਦ ਆ ਕੇ ਗਦਰੀਆਂ ਨੇ ਅੰਗਰੇਜ਼ੀ ਹਕੂਮਤ ਨਾਲ ਹਥਿਆਰਬੰਦ ਟੱਕਰ ਲਈ, ਪਰ ਉਹ ਕਾਮਯਾਬ ਨਾ ਹੋਏ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਸੂਲੀ ’ਤੇ ਟੰਗਿਆ ਤੇ ਸਾਰੀ ਉਮਰ ਜੇਲ੍ਹਾਂ ਵਿੱਚ ਤੂੜ ਛੱਡਿਆ, ਪਰ ਗਦਰੀਆਂ ਨੇ ਅੰਗਰੇਜ਼ਾਂ ਦਾ ਜ਼ੁਲਮ ਸਿਰ ਮੱਥੇ ਪ੍ਰਵਾਨ ਕੀਤਾ, ਪਰ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ। ਗਦਰੀ ਹਿੰਦੁਸਤਾਨ ਵਿੱਚ ਦੇਸ਼ ਦੀ ਆਜ਼ਾਦੀ ਦੀ ਚਿਣਗ ਛੇੜਣ ਵਿੱਚ ਕਾਮਯਾਬ ਹੋ ਗਏ।
ਉਮੀਦਵਾਰ ਗੁਰਦਿਆਲ ਸਿੰਘ ਨੇ ਕਿਹਾ ਕਿ ਗਦਰੀਆਂ ਤੋਂ ਬਾਅਦ ਭਗਤ ਸਿੰਘ ਦੀ ਇਨਕਲਾਬੀ ਜਥੇਬੰਦੀ ਮੈਦਾਨ ਵਿੱਚ ਆਈ ਤੇ ਇਸ ਜਥੇਬੰਦੀ ਦੇ ਘੋਲ ਨੇ ਅੰਗਰੇਜ਼ਾਂ ਦੇ ਹਿਰਦੇ ਅੰਦਰ ਕੰਬਣੀ ਛੇੜ ਦਿੱਤੀ। ਆਖਿਰ ਅੰਗਰੇਜ਼ਾਂ ਨੇ ਭਗਤ ਸਿੰਘ ਤੇ ਉਨ੍ਹਾ ਦੇ ਨਾਲ ਦੇ ਕ੍ਰਾਂਤੀਕਾਰੀਆਂ ਨੂੰ ਫਾਂਸੀਆਂ ਦੇ ਕੇ ਆਜ਼ਾਦੀ ਦੀ ਲਹਿਰ ਕੁਚਲਣ ਦੀ ਕੋਸ਼ਿਸ਼ ਕੀਤੀ, ਪਰ ਲਹਿਰ ਅੱਗੇ ਵਧਦੀ ਗਈ। ਅਖੀਰ ਕ੍ਰਾਂਤੀਕਾਰੀ ਲਹਿਰ ਅੱਗੇ ਝੁਕਦਿਆਂ ਅੰਗਰੇਜ਼ਾਂ ਨੂੰ ਹਿੰਦੁਸਤਾਨ ਆਜ਼ਾਦ ਕਰਨਾ ਪਿਆ, ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਨ੍ਹਾਂ ਕੁਰਬਾਨੀਆਂ ਕਰਨ ਵਾਲਿਆਂ ਦੇਸ਼ ਭਗਤਾਂ ਦੀ ਸੋਚ ਦੀ ਹਕੂਮਤ ਨਾ ਬਣੀ ਤੇ ਕਾਬਜ਼ ਕਾਂਗਰਸ ਹਕੂਮਤ ਨੇ ਦੇਸ਼ ਦੀ ਮਿਹਨਤੀ ਜਨਤਾ ਨੂੰ ਅੰਗਰੇਜ਼ਾਂ ਨਾਲੋਂ ਵੀ ਵਧੇਰੇ ਲੁੱਟਿਆ ਤੇ ਕੁੱਟਿਆ। ਮੌਕੇ ਦੀ ਭਾਜਪਾ ਹਕੂਮਤ ਤਾਂ ਇਕੱਲਾ ਆਵਾਮ ਨੂੰ ਹੀ ਨਹੀਂ ਲੁੱਟਦੀ, ਇਹ ਤਾਂ ਹਿੰਦੁਸਤਾਨ ਦੀ ਜ਼ਮੀਨ, ਜਾਇਦਾਦ ਤੇ ਸਭ ਕੁਝ ਕੌਮਾਂਤਰੀ ਤੇ ਕੌਮੀ ਪੱਧਰ ਦੇ ਵੱਡੇ-ਵੱਡੇ ਵਪਾਰੀਆਂ ਨੂੰ ਵੇਚਣ ਦੇ ਰਾਹ ਤੁਰੀ ਤੇ ਵੇਚੀ ਜਾ ਰਹੀ ਹੈ। ਇਸ ਪ੍ਰਸਥਿਤੀ ਵਿੱਚ ਪੰਜਾਬ ਵਾਸੀਆਂ ਨੂੰ ਮੋਦੀ, ਆਪ, ਅਕਾਲੀ ਦਲ ਤੇ ਕਾਂਗਰਸ ਦੀਆਂ ਲੋਕ-ਵਿਰੋਧੀ ਨੀਤੀਆਂ ਤੋਂ ਬਚਾਉਣ ਵਾਸਤੇ ਪਹਿਲੀ ਜੂਨ ਵਾਲੇ ਦਿਨ ਦਾਤਰੀ ਸਿੱਟੇ ਨੂੰ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ। ਮੈਂ ਲੋਕ ਸਭਾ ਵਿੱਚ ਹਰ ਇਕ ਦੇ ਰੁਜ਼ਗਾਰ, ਹਰੇਕ ਬੱਚੇ ਦੀ ਵਿਦਿਆ ਮੁਫਤ ਤੇ ਲਾਜ਼ਮੀ, ਹਰੇਕ ਵਿਅਕਤੀ ਲਈ ਘਰ, ਸਿਹਤ ਸਹੂਲਤ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ, ਵਿਧਵਾ, ਅੰਗਹੀਣ, ਬੁਢਾਪਾ ਤੇ ਬੇਸਹਾਰਾ ਦੀਆਂ ਪੈਨਸ਼ਨਾਂ ਵਧਾਉਣ ਲਈ ਲੜਾਂਗਾ।
ਉਕਤ ਤੋਂ ਇਲਾਵਾ ਨਰੇਗਾ ਦਾ ਕੰਮ ਸਾਲ ਵਿੱਚ 200 ਦਿਨ ਤੇ ਦਿਹਾੜੀ 700 ਰੁਪਏ ਕਰਾਉਣ ਲਈ ਪਾਰਲੀਮੈਂਟ ਵਿੱਚ ਆਵਾਜ਼ ਲਾਮਬੰਦ ਕਰਾਂਗਾ। ਇਸ ਮੌਕੇ ਸੀ ਪੀ ਆਈ ਦੇ ਬਲਾਕ ਸਕੱਤਰ ਨਰਿੰਦਰ ਸਿੰਘ ਅਲਗੋਂ, ਟਹਿਲ ਸਿੰਘ ਲੱਧੂ, ਅਸ਼ਨਵੀ ਸਿੱਧਵਾਂ, ਕਾਬਲ ਸਿੰਘ ਖਾਲੜਾ, ਬਾਜ਼ ਸਿੰਘ ਮਾੜੀਮੇਘਾ, ਦਲੀਪ ਸਿੰਘ ਵਾਂ, ਨਿਸ਼ਾਨ ਸਿੰਘ ਵਾਂ, ਕੁਲਵੰਤ ਸਿੰਘ ਤੇ ਜਸਵੰਤ ਸਿੰਘ ਖਡੂਰ ਸਾਹਿਬ ਨੇ ਵੀ ਸੰਬੋਧਨ ਕੀਤਾ।