ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਲਈ ‘ਕੇਜਰੀਵਾਲ ਦੀ ਗਰੰਟੀ’ ਦਾ ਐਲਾਨ ਕਰਦਿਆਂ 10 ਕੰਮ ਗਿਣਾਏ ਹਨ, ਜਿਨ੍ਹਾਂ ਨੂੰ ਜੰਗੀ ਪੱਧਰ ’ਤੇ ਪੂਰਾ ਕੀਤਾ ਜਾਵੇਗਾ। ਕੇਜਰੀਵਾਲ ਨੇ ਐਤਵਾਰ ਕਿਹਾ ਕਿ ਜੇ ਇੰਡੀਆ ਗੱਠਜੋੜ ਕੇਂਦਰ ਵਿਚ ਸਰਕਾਰ ਬਣਾਉਂਦਾ ਹੈ ਤਾਂ ਇਹ ਗਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚੋਂ ਇਕ ਗਰੰਟੀ ਚੀਨ ਦੇ ਕਬਜ਼ੇ ਵਾਲੀ ਭਾਰਤੀ ਸਰਜ਼ਮੀਨ ਨੂੰ ਮੁਕਤ ਕਰਵਾਉਣਾ ਵੀ ਹੈ। ਕੇਜਰੀਵਾਲ ਨੇ ‘ਅਗਨੀਵੀਰ ਸਕੀਮ’ ਖਤਮ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਕਿਸਾਨਾਂ ਦੀ ਜਿਣਸ ਦੀ ਐੱਮ ਐੱਸ ਪੀ ’ਤੇ ਖਰੀਦ ਯਕੀਨੀ ਬਣਾਉਣ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦਾ ਵੀ ਵਾਅਦਾ ਕੀਤਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ‘ਮੋਦੀ ਕੀ ਗਰੰਟੀ’ ਤੇ ‘ਕੇਜਰੀਵਾਲ ਕੀ ਗਰੰਟੀ’ ਵਿੱਚੋਂ ਚੋਣ ਕਰਨੀ ਹੋਵੇਗੀ। ਗਰੰਟੀਆਂ ਦੇ ਐਲਾਨ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ-ਮੈਂ ਇੰਡੀਆ ਗੱਠਜੋੜ ਵਿਚਲੇ ਆਪਣੇ ਭਾਈਵਾਲਾਂ ਨਾਲ ਅਜੇ ਤੱਕ ਇਸ (ਗਰੰਟੀਆਂ) ਬਾਰੇ ਗੱਲ ਨਹੀਂ ਕੀਤੀ। ਮੈਂ ਇਨ੍ਹਾਂ ਗਰੰਟੀਆਂ ਨੂੰ ਪੂਰਾ ਕਰਨ ਲਈ ਆਪਣੇ ਭਾਈਵਾਲਾਂ ’ਤੇ ਜ਼ੋਰ ਪਾਵਾਂਗਾ। ਕੇਜਰੀਵਾਲ ਨੇ ਕਿਹਾ ਕਿ ‘ਆਪ’ ਨੇ ਜਿੱਥੇ ਦਿੱਲੀ ’ਚ ਮੁਫਤ ਬਿਜਲੀ, ਚੰਗੇ ਸਕੂਲ ਤੇ ਮੁਹੱਲਾ ਕਲੀਨਿਕਾਂ ਦੀਆਂ ‘ਗਰੰਟੀਆਂ’ ਪੂਰੀਆਂ ਕੀਤੀਆਂ ਹਨ, ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀਆਂ ਗਰੰਟੀਆਂ ਪੂਰੀਆਂ ਕਰਨ ਵਿਚ ਨਾਕਾਮ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਹਫਤੇ ’ਚ ਸੱਤ ਦਿਨ 24 ਘੰਟੇ ਬਿਜਲੀ ਸਪਲਾਈ, ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਹਰ ਸਾਲ ਨੌਜਵਾਨਾਂ ਲਈ ਦੋ ਕਰੋੜ ਨੌਕਰੀਆਂ ‘ਕੇਜਰੀਵਾਲ ਕੀ ਗਰੰਟੀ’ ਵਿਚ ਸ਼ਾਮਲ ਹਨ। ਕੇਜਰੀਵਾਲ ਆਪਣੀ ਸਰਕਾਰੀ ਰਿਹਾਇਸ਼ ’ਤੇ ‘ਆਪ’ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਦੀ ਗਿ੍ਰਫਤਾਰੀ ਮਗਰੋਂ ਭਾਜਪਾ ਦਿੱਲੀ ਤੇ ਪੰਜਾਬ ਵਿਚ ‘ਆਪ’ ਸਰਕਾਰਾਂ ਡੇਗਣ ਦੀਆਂ ਵਿਉਂਤਾਂ ਘੜ ਰਹੀ ਸੀ, ਪਰ ਸਫਲ ਨਹੀਂ ਹੋਈ। ਆਪ ਮੇਰੀ ਗਿ੍ਰਫਤਾਰੀ ਤੋਂ ਬਾਅਦ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ ਹੋਈ ਹੈ। ਕੇਜਰੀਵਾਲ ਨੇ ਕਿਹਾ-ਭਾਜਪਾ ਦੇ ਲੋਕ ਮੇਰੀ ਗਿ੍ਰਫਤਾਰੀ ਤੋਂ ਪਹਿਲਾਂ ਕਹਿੰਦੇ ਸਨ ਕਿ ਉਹ ਆਪ ਨੂੰ ਤੋੜ ਦੇਣਗੇ ਅਤੇ ਦਿੱਲੀ ਤੇ ਪੰਜਾਬ ਵਿਚ ਸਰਕਾਰਾਂ ਦੇ ਤਖਤੇ ਪਲਟ ਦੇਣਗੇ। ਉਨ੍ਹਾਂ ਦੀ ਯੋਜਨਾ ਸੀ ਕਿ ਉਹ ਮੈਨੂੰ ਗਿ੍ਰਫਤਾਰ ਕਰ ਲੈਣਗੇ, ਪਾਰਟੀ ਤੋੜਨਗੇ ਅਤੇ ਪਹਿਲਾਂ ਦਿੱਲੀ ’ਚ ਤੇ ਮਗਰੋਂ ਪੰਜਾਬ ਵਿਚ ਵੀ ਸਰਕਾਰ ਡੇਗ ਦੇਣਗੇ। ਗਿ੍ਰਫਤਾਰੀ ਮਗਰੋਂ ਉਨ੍ਹਾਂ ਦੀ ਯੋਜਨਾ ਨਾਕਾਮ ਹੋ ਗਈ।