ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੈਬਨਿਟ ਵਿਚ ਫੇਰਬਦਲ ਕਰਦਿਆਂ ਸਰਗੇਈ ਸ਼ੋਇਗੂ ਨੂੰ ਹਟਾ ਕੇ ਆਂਦਰੇਈ ਬੇਲੌਸੋਵ ਨੂੰ ਨਵਾਂ ਰੱਖਿਆ ਮੰਤਰੀ ਬਣਾ ਦਿੱਤਾ ਹੈ। ਪੁਤਿਨ ਦਾ ਇਹ ਫੈਸਲਾ ਉਨ੍ਹਾ ਦੇ ਪੰਜਵੇਂ ਕਾਰਜਕਾਲ ਦੀ ਸ਼ੁਰੂਆਤ ’ਚ ਆਇਆ ਹੈ। ਸ਼ੋਇਗੂ ਨੂੰ ਸੁਰੱਖਿਆ ਕੌਂਸਲ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸੋਰੇਨ ਦੀ ਸੁਣਵਾਈ 17 ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਮਨੀ ਲਾਂਡਰਿੰਗ ਕੇਸ ਵਿਚ ਗਿ੍ਰਫਤਾਰੀ ਖਿਲਾਫ ਪਟੀਸ਼ਨ ’ਤੇ 17 ਮਈ ਨੂੰ ਸੁਣਵਾਈ ਕਰੇਗੀ। ਸੋਰੇਨ ਨੇ ਦਲੀਲ ਦਿੱਤੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਉਹ ਵੀ ਜ਼ਮਾਨਤ ਦੇ ਹੱਕਦਾਰ ਹਨ।
ਮੋਦੀ ਖਿਲਾਫ ਪਟੀਸ਼ਨ ਰੱਦ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਦਿੱਤੀਆਂ ਕਥਿਤ ਫਿਰਕੂ ਵੰਡੀਆਂ ਪਾਉਣ ਵਾਲੀਆਂ ਨਫਰਤੀ ਤਕਰੀਰਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਰਵਾਈ ਲਈ ਭਾਰਤ ਦੇ ਚੋਣ ਕਮਿਸ਼ਨ ਨੂੰ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕਰਦੀ ਪਟੀਸ਼ਨ ਸੋਮਵਾਰ ਖਾਰਜ ਕਰ ਦਿੱਤੀ। ਜਸਟਿਸ ਸਚਿਨ ਦੱਤਾ ਨੇ ਕਿਹਾ ਕਿ ਪਟੀਸ਼ਨ ਗਲਤ ਧਾਰਨਾ ਵਾਲੀ ਤੇ ਗੁਣ-ਦੋਸ਼ ਤੋਂ ਸੱਖਣੀ ਹੈ ਅਤੇ ਚੋਣ ਕਮਿਸ਼ਨ ਪਟੀਸ਼ਨਰ ਦੀ ਸ਼ਿਕਾਇਤ ’ਤੇ ਕਾਨੂੰਨ ਮੁਤਾਬਕ ਸੁਤੰਤਰ ਪੜਚੋਲ ਕਰ ਸਕਦਾ ਹੈ।