ਹੈਦਰਾਬਾਦ : ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਤੇਨਾਲੀ ਅਸੰਬਲੀ ਹਲਕੇ ਦੇ ਈਟਾਨਗਰ ਦੇ ਬੂਥ ’ਤੇ ਹੁਕਮਰਾਨ ਵਾਈ ਐੱਸ ਆਰ ਕਾਂਗਰਸ ਦੇ ਵਿਧਾਇਕ ਵੀ ਐੱਸ ਸ਼ਿਵਕੁਮਾਰ ਨੇ ਇਕ ਵੋਟਰ ਦੇ ਥੱਪੜ ਮਾਰ ਦਿੱਤਾ, ਜਦੋਂ ਉਸ ਨੇ ਵਿਧਾਇਕ ਦੇ ਲਾਈਨ ਉਲੰਘਣ ’ਤੇ ਇਤਰਾਜ਼ ਕੀਤਾ। ਵੋਟਰ ਨੇ ਵੀ ਵਿਧਾਇਕ ’ਤੇ ਜਵਾਬੀ ਵਾਰ ਕਰ ਦਿੱਤਾ।
ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿਚ ਵਿਧਾਇਕ ਦੇ ਹਮਾਇਤੀ ਵੀ ਵੋਟਰ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਪੂਨਾਵਾਲਾ ਨੇ ਕਿਹਾ ਕਿ ਇਹ ਹਾਕਮਾਂ ਦੀ ਹੈਂਕੜ ਤੇ ਗੁੰਡਾਗਰਦੀ ਨੂੰ ਦਰਸਾਉਦਾ ਹੈ।
ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਅੰਦਾਜ਼ਾ ਲਾ ਸਕਦੇ ਹੋ ਕਿ ਹਾਕਮ ਚੋਣ ਤੋਂ ਬਾਅਦ ਕੀ ਕਰਨਗੇ। ਵਕਤ ਹੈ ਕਿ ਲੋਕ ਅਜਿਹੇ ਆਗੂਆਂ ਤੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਬਾਹਰ ਦਾ ਰਾਹ ਦਿਖਾ ਦੇਣ। ਚੋਣ ਕਮਿਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਸ਼ਾਹ ਦੀ ਰੈਲੀ ’ਚ ਪੱਤਰਕਾਰ ’ਤੇ ਹਮਲਾ
ਨਵੀਂ ਦਿੱਲੀ : ਪ੍ਰੈੱਸ ਕਲੱਬ ਆਫ ਇੰਡੀਆ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਤਵਾਰ ਦੀ ਰਾਏ ਬਰੇਲੀ ਰੈਲੀ ’ਚ ਪੱਤਰਕਾਰ ’ਤੇ ਹਮਲੇ ਦੀ ਨਿੰਦਾ ਕੀਤੀ ਹੈ। ਰੈਲੀ ਦੌਰਾਨ ‘ਮੌਲੀਟਿਕਸ’ ਨਿਊਜ਼ ਪੋਰਟਲ ਲਈ ਕੰਮ ਕਰਦੇ ਪੱਤਰਕਾਰ ਰਾਘਵ ਤਿ੍ਰਵੇਦੀ ਨੂੰ ਕੁਝ ਭਾਜਪਾ ਆਗੂਆਂ ਨੇ ਕੁੱਟਿਆ। ਪ੍ਰੈੱਸ ਕਲੱਬ ਨੇ ਚੋਣ ਕਮਿਸ਼ਨ ਤੇ ਸਥਾਨਕ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਪੱਤਰਕਾਰਾਂ ’ਤੇ ਨਿੱਤ ਹਮਲੇ ਹੋ ਰਹੇ ਹਨ।
ਤਿ੍ਰਵੇਦੀ ਨੇ ਕਿਹਾ ਕਿ ਰੈਲੀ ਦੌਰਾਨ ਉਸ ਨੇ ਮਹਿਲਾਵਾਂ ਨਾਲ ਗੱਲ ਕੀਤੀ ਤਾਂ ਬਹੁਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਦਾ ਸਰਪੰਚ ਸੌ-ਸੌ ਰੁਪਏ ਦੇਣ ਦਾ ਲਾਰਾ ਲਾ ਕੇ ਰੈਲੀ ਵਿਚ ਲਿਆਇਆ। ਜਦੋਂ ਉਸ ਨੇ ਇਸ ਬਾਰੇ ਭਾਜਪਾ ਆਗੂਆਂ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂ ਖੰਡਨ ਕੀਤਾ, ਪਰ ਜਦੋਂ ਉਸ ਨੇ ਮਹਿਲਾਵਾਂ ਦੀ ਗੱਲ ਦੱਸੀ ਤਾਂ ਇਕ ਗਰੁੱਪ ਉਸ ਨੂੰ ਪਾਸੇ ਲੈ ਗਿਆ ਤੇ ਵੀਡੀਓ ਡਿਲੀਟ ਕਰਨ ਲਈ ਕਿਹਾ। ਨਾਂਹ ਕਰਨ ’ਤੇ ਗਰੁੱਪ ਉਸ ਨੂੰ ਸਟੇਜ ਦੇ ਪਿੱਛੇ ਕਮਰੇ ਵਿਚ ਲੈ ਗਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕਾਂਗਰਸ ਪਾਰਟੀ ਨੇ ਪੱਤਰਕਾਰ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ ਕਿ ਕੁੱਟਣ ਵਾਲਿਆਂ ਨੇ ਪੱਤਰਕਾਰ ਦੇ ਪੈਸੇ ਵੀ ਖੋਹ ਲਏ।
ਵੋਟਾਂ ਦੇ ਅੰਕੜਿਆਂ ਬਾਰੇ ਸੁਣਵਾਈ ਸ਼ੁੱਕਰਵਾਰ ਨੂੰ
ਨਵੀਂ ਦਿੱਲੀ : ਸੁਪਰੀਮ ਕੋਰਟ ਗੈਰ-ਸਰਕਾਰੀ ਸੰਗਠਨ ਵੱਲੋਂ ਦਾਇਰ ਉਸ ਪਟੀਸ਼ਨ ’ਤੇ 17 ਮਈ ਨੂੰ ਸੁਣਵਾਈ ਲਈ ਸਹਿਮਤ ਹੋ ਗਈ ਹੈ, ਜਿਸ ਵਿਚ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੇ ਹਰੇਕ ਪੜਾਅ ਦੀ ਵੋਟਿੰਗ ਖਤਮ ਹੋਣ ਤੋਂ 48 ਘੰਟਿਆਂ ਦੇ ਅੰਦਰ ਆਪਣੇ ਵੋਟ ਫੀਸਦੀ ਅੰਕੜੇ ਵੈੱਬਸਾਈਟ ’ਤੇ ਅਪਲੋਡ ਕਰਨ ਲਈ ਹਦਾਇਤਾਂ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਇਹ ਮਾਮਲਾ ਸ਼ੁੱਕਰਵਾਰ ਨੂੰ ਸੂਚੀਬੱਧ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ‘ਐਸੋਸੀਏਸਨ ਫਾਰ ਡੈਮੋਕਰੇਟਿਕ ਰਿਫਾਰਮਜ਼’ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਪਟੀਸ਼ਨ ’ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ।