ਨਵੀਂ ਦਿੱਲੀ : ਸੀ ਬੀ ਐੱਸ ਈ ਨੇ ਸੋਮਵਾਰ ਬਾਰ੍ਹਵੀਂ ਤੇ ਦਸਵੀਂ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ ਦਿੱਤੇ।
ਬਾਰ੍ਹਵੀਂ ਵਿਚ 87.98 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ’ਚ 0.65 ਫੀਸਦੀ ਵਾਧਾ ਹੋਇਆ ਹੈ। 91 ਫੀਸਦੀ ਤੋਂ ਵੱਧ ਵਿਦਿਆਰਥਣਾਂ ਪਾਸ ਹੋਈਆਂ ਹਨ। ਮੁੰਡਿਆਂ ਦੇ ਮੁਕਾਬਲੇ ਕੁੜੀਆਂ 6.4 ਫੀਸਦੀ ਵੱਧ ਪਾਸ ਹੋਈਆਂ। 24 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਤੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 1.16 ਲੱਖ ਤੋਂ ਵੱਧ ਹੈ।
ਦਸਵੀਂ ’ਚ 93.6 ਫੀਸਦੀ ਵਿਦਿਆਰਥੀ ਪਾਸ ਹੋਏ। 47 ਹਜ਼ਾਰ ਤੋਂ ਵੱਧ ਵਿਦਿਆਰਥੀ 95 ਫੀਸਦੀ ਤੋਂ ਵੱਧ ਅੰਕ ਲੈ ਕੇ, ਜਦਕਿ 2.12 ਲੱਖ ਤੋਂ ਵੱਧ ਵਿਦਿਆਰਥੀ 90 ਫੀਸਦ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। 94.75 ਫੀਸਦੀ ਵਿਦਿਆਰਥਣਾਂ ਪਾਸ ਹੋਈਆਂ ਹਨ। ਮੁੰਡਿਆਂ ਨਾਲੋਂ ਇਨ੍ਹਾਂ ਦੀ ਗਿਣਤੀ 2.04 ਫੀਸਦੀ ਵੱਧ ਹੈ।
ਇਸੇ ਦੌਰਾਨ ਸੀ ਬੀ ਐੱਸ ਈ ਨੇ ਕਿਹਾ ਕਿ ਅਕਾਦਮਿਕ ਸੈਸ਼ਨ 2024-25 ਲਈ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। 2024 ’ਚ ਵੀ 15 ਫਰਵਰੀ ਨੂੰ ਸ਼ੁਰੂ ਹੋਈਆਂ ਸਨ। ਇਹ ਕ੍ਰਮਵਾਰ 28 ਅਤੇ 47 ਦਿਨਾਂ ’ਚ ਸਮਾਪਤ ਹੋਈਆਂ। ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਗੈਰਸਿਹਤਮੰਦ ਮੁਕਾਬਲੇਬਾਜ਼ੀ ਨੂੰ ਟਾਲਣ ਲਈ ਬੋਰਡ ਨੇ ਐਤਕੀਂ ਮੈਰਿਟ ਲਿਸਟ ਨਹੀਂ ਦੱਸੀ। ਉਜ ਵੱਖ-ਵੱਖ ਵਿਸ਼ਿਆਂ ਵਿਚ ਉੱਚੇ ਅੰਕ ਲੈਣ ਵਾਲੇ 0.1 ਫੀਸਦੀ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਕੀਤੇ ਜਾਣਗੇ।